ਅਮਨਜੋਤ ਵਾਲੀਆ, ਕਪੂਰਥਲਾ - ਪਿੰਡ ਤੋਗਾਂਵਾਲ ਦੀ ਇਕ ਬਜ਼ੁਰਗ ਮਾਤਾ ਅਤੇ ਉਸ ਦੀ ਨੂੰਹ ਅਤੇ ਪੋਤਾ-ਪੋਤੀ ਨੂੰ ਰਾਹ ਜਾਂਦੇ ਆਵਾਰਾ ਪਸ਼ੂਆਂ ਨੇ ਆਪਣਾ ਸ਼ਿਕਾਰ ਬਣਾ ਲਿਆ। ਜਾਣਕਾਰੀ ਅਨੁਸਾਰ ਸਰਬਜੀਤ ਕੌਰ ਪਤਨੀ ਤੇਜਾ ਸਿੰਘ, ਉਸ ਦੀ ਨੂੰਹ ਸੰਦੀਪ ਕੌਰ ਪਤਨੀ ਰਣਜੀਤ ਸਿੰਘ, ਪੋਤੀ ਸਿਮਰਨਜੀਤ ਕੌਰ ਅਤੇ ਪੋਤਾ ਰਣਵੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਤੋਗਾਂਵਾਲ ਦੇ ਬਾਜ਼ਾਰ ਵਿਚ ਘਰ ਦਾ ਕੋਈ ਘਰੇਲੂ ਸਾਮਾਨ ਲੈਣ ਲਈ ਆਏ ਸਨ, ਤਾਂ ਜਦੋਂ ਉਹ ਸਾਮਾਨ ਲੈ ਕੇ ਘਰ ਵਾਪਸ ਆ ਰਹੇ ਸਨ ਤਾਂ ਪਿੱਛੋਂ ਆਉਂਦੇ ਆਵਾਰਾ ਪਸ਼ੂਆਂ ਦੇ ਝੁੰਡ ਨੇ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਰਾਹਗੀਰਾਂ ਅਤੇ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਨਾਲ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਡਿਊਟੀ ਡਾਕਟਰ ਅਨੁਸਾਰ ਉਨ੍ਹਾਂ ਦੀ ਹਾਲਤ ਠੀਕ ਹੈ ਅਤੇ ਇਲਾਜ ਜਾਰੀ ਹੈ।

ਇਸੇ ਤਰ੍ਹਾਂ ਪਿੰਡ ਢਿੱਲਵਾਂ ਵਿਚ ਇਕ ਅੌਰਤ ਆਪਣੇ ਘਰ ਦੀ ਛੱਤ ਤੋਂ ਹੇਠਾਂ ਡਿੱਗ ਗਈ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਜਾਣਕਾਰੀ ਅਨੁਸਾਰ ਊਸ਼ਾ ਰਾਣੀ ਪਤਨੀ ਬਲਦੇਵ ਸਿੰਘ ਵਾਸੀ ਪਿੰਡ ਢਿੱਲਵਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਘਰ ਦੀ ਛੱਤ 'ਤੇ ਕੋਈ ਸਾਮਾਨ ਲੈਣ ਲਈ ਗਈ ਸੀ ਤਾਂ ਜਦੋਂ ਉਹ ਸਾਮਾਨ ਲੈ ਕੇ ਹੇਠਾਂ ਉਤਰਨ ਲੱਗੀ ਤਾਂ ਅਚਾਨਕ ਲੱਕੜ ਦੀ ਪੌੜੀ ਦਾ ਇਕ ਡੰਡਾ ਟੁੱਟ ਗਿਆ, ਜਿਸ ਕਾਰਨ ਉਹ ਹੇਠਾਂ ਡਿੱਗ ਅਤੇ ਜ਼ਖ਼ਮੀ ਹੋ ਗਈ। ਜ਼ਖ਼ਮੀ ਹਾਲਤ ਵਿਚ ਉਸ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਡਿਊਟੀ ਡਾਕਟਰ ਅਨੁਸਾਰ ਉਸ ਦੀ ਹਾਲਤ ਠੀਕ ਹੈ ਅਤੇ ਇਲਾਜ ਜਾਰੀ ਹੈ।