ਹਰਮੇਸ਼ ਸਰੋਆ, ਫਗਵਾੜਾ

ਨਜ਼ਦੀਕੀ ਪਿੰਡ ਅਜਨੋਹਾ ਵਿਖੇ ਘਰੇਲੂ ਗੈਸ ਸਿਲੰਡਰ ਫਟਣ ਨਾਲ 2 ਲੋਕ ਬੁਰੀ ਤਰ੍ਹਾਂ ਝੁਲਸ ਗਏ, ਜਿਨਾਂ੍ਹ ਨੂੰ ਇਲਾਜ ਲਈ ਪਾਂਛਟਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਜ਼ਖ਼ਮੀਆਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਰੈਫਰ ਕੀਤਾ ਗਿਆ। ਦੋਵੇਂ ਜ਼ਖ਼ਮੀਆਂ ਦੀ ਪਛਾਣ ਅਰੁਣ ਤੇ ਵਰੁਣ ਵਾਸੀ ਦੋਵੇਂ ਸਕੇ ਭਰਾ ਅਜਨੋਹਾ ਵਜੋਂ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਨੇ ਦੱਸਿਆ ਕਿ ਉਸ ਵੱਲੋਂ ਗੰਭੀਰ ਹਾਲਤ 'ਚ ਦੋਵੇਂ ਜ਼ਖ਼ਮੀਆਂ ਨੂੰ ਪਾਂਛਟਾ ਤੋਂ ਫਗਵਾੜਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਿਊਟੀ 'ਤੇ ਤਾਇਨਾਤ ਡਿਊਟੀ ਡਾਕਟਰ ਵੱਲੋਂ ਇਕ ਜ਼ਖ਼ਮੀ ਨੂੰ ਤਾਂ ਦਾਖਲ ਕਰ ਲਿਆ ਪਰ ਦੂਸਰੇ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਸਬੰਧੀ ਪਿੰਡ ਵਾਸੀ ਨੇ ਦੱਸਿਆ ਕਿ ਜੇਕਰ ਮਰੀਜ਼ ਦੀ ਹਾਲਤ ਠੀਕ ਸੀ ਤਾਂ ਉਸ ਨੂੰ ਪਾਂਸ਼ਟਾ ਤੋਂ ਫਗਵਾੜਾ ਕਿਉਂ ਰੈਫਰ ਕੀਤਾ ਗਿਆ। ਦੂਜੇ ਪਾਸੇ ਫਗਵਾੜਾ ਸਿਵਲ ਹਸਪਤਾਲ ਵਿਖੇ ਡਿਊਟੀ 'ਤੇ ਤਾਇਨਾਤ ਡਾਕਟਰ ਦੀ ਕਾਰਗੁਜ਼ਾਰੀ 'ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ, ਕਿਉਕਿ ਪੱਤਰਕਾਰਾਂ ਵੱਲੋਂ ਜਦੋ ਦੋਵੇਂ ਜ਼ਖ਼ਮੀ ਮਰੀਜ਼ਾਂ ਦੀ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਇਕ ਮਰੀਜ਼ ਨੂੰ ਦਾਖਲ ਕੀਤਾ ਗਿਆ ਤੇ ਦੂਜੇ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਦੋਵੇਂ ਜ਼ਖਮੀਆਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਪਾਂਛਟਾ ਤੋਂ ਫਗਵਾੜਾ ਰੈਫਰ ਕੀਤਾ ਗਿਆ ਸੀ ਪਰ ਹੈਰਾਨੀ ਉਸ ਵੇਲੇ ਹੋਈ ਜਦੋ ਬੈੱਡ ਮੌਜੂਦ ਹੋਣ ਦੇ ਬਾਵਜੂਦ 15 ਤੋਂ 20 ਫੀਸਦੀ ਸੜੇ ਹੋਏ ਮਰੀਜ਼ ਨੂੰ ਵੀ ਜਲੰਧਰ ਰੈਫਰ ਕਰ ਦਿੱਤਾ ਗਿਆ, ਜਦਕਿ ਹਰ ਬਿਮਾਰੀ ਦੇ ਇਲਾਜ ਲਈ ਫਗਵਾੜਾ ਸਿਵਲ ਹਸਪਤਾਲ 'ਚ ਡਾਕਟਰ ਮੌਜੂਦ ਹਨ। ਇਸ ਸਾਰੇ ਮਾਮਲੇ ਸਬੰਧੀ ਜਦੋਂ ਸੀਨੀਅਰ ਮੈਡੀਕਲ ਅਫਸਰ ਲਹਿੰਬਰ ਰਾਮ ਨਾਲ ਗੱਲ ਕੀਤੀ ਤਾਂ ਉਨਾਂ੍ਹ ਕਿਹਾ ਕਿ ਸਰਜਨ ਡਾਕਟਰ ਛੁੱਟੀ 'ਤੇ ਹੋਣ ਕਾਰਨ ਦੋਵੇਂ ਜ਼ਖ਼ਮੀਆਂ ਨੂੰ ਰੈਫਰ ਕੀਤਾ ਗਿਆ।