ਪੰਜਾਬੀ ਜਾਗਰਣ ਟੀਮ, ਸੁਲਤਾਨਪੁਰ ਲੋਧੀ : ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਸਤਿੰਦਰ ਸਿੰਘ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐੱਸਪੀ ਤਫ਼ਤੀਸ਼ ਕਪੂਰਥਲਾ ਮਨਪ੍ਰੀਤ ਸਿੰਘ ਢਿੱਲੋਂ ਅਤੇ ਉਪ ਪੁਲਿਸ ਕਪਤਾਨ (ਸਬ-ਡਵੀ:) ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਦੌਰਾਨ ਮੁੱਖ ਅਫ਼ਸਰ ਥਾਣਾ ਸੁਲਤਾਨਪੁਰ ਲੋਧੀ ਇੰਸਪੈਕਟਰ ਸਰਬਜੀਤ ਸਿੰਘ ਤੇ ਸੀਆਈਏ ਇੰਸਪੈਕਟਰ ਬਲਵਿੰਦਰ ਸਿੰਘ ਵੱਲੋਂ ਕੀਤੇ ਗਏ ਸਾਂਝੇ ਆਪਰੇਸ਼ਨ ਦੌਰਾਨ ਉਸ ਵਕਤ ਭਾਰੀ ਸਫਲਤਾ ਹਾਸਲ ਹੋਈ ਜਦੋਂ ਦੋ ਵਿਅਕਤੀਆਂ ਨੂੰ 1 ਕਿੱਲੋ 500 ਗ੍ਰਾਮ ਹੈਰੋਇਨ ਅਤੇ 2 ਲੱਖ 9,900 ਰੁਪਏ ਡਰੱਗ ਮਨੀ ਸਮੇਤ ਗਿ੍ਫ਼ਤਾਰ ਕੀਤਾ ਗਿਆ।

ਸੁਲਤਾਨਪੁਰ ਲੋਧੀ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਐੱਸਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਗਸ਼ਤ ਦੌਰਾਨ ਨਾਕਾ ਟੀ-ਪੁਆਇੰਟ ਕੱਚਾ ਰਸਤਾ ਪਿੰਡ ਸੈਂਚਾਂ, ਮੋਠਾਵਾਲ ਵਿਖੇ ਮੌਜੂਦ ਸੀ ਤਾਂ ਲਾਟੀਆਵਾਲ ਵੱਲੋਂ ਇਕ ਕਾਲੇ ਰੰਗ ਦਾ ਬੁਲਟ ਮੋਟਰਸਾਈਕਲ ਪੀਬੀ09 ਏਜੀ6657, ਜਿਸ 'ਤੇ ਦੋ ਜਣੇ ਸਵਾਰ ਸਨ ਤੇ ਮੋਟਰਸਾਈਕਲ ਦੇ ਪਿੱਛੇ ਹੀ ਇਕ ਬਰੀਜ਼ਾ ਗੱਡੀ ਪੀਬੀ41ਬੀ2326 ਰੰਗ ਚਿੱਟਾ ਜਿਸ 'ਚ ਤਿੰਨ ਨੌਜਵਾਨ ਸਵਾਰ ਸਨ। ਜਦੋਂ ਪੁਲਿਸ ਪਾਰਟੀ ਨੇ ਮੋਟਰਸਾਈਕਲ ਚਾਲਕਾਂ ਨੂੰ ਰੋਕਣ ਦਾ ਯਤਨ ਕੀਤਾ ਤਾਂ ਉਹ ਫਰਾਰ ਹੋਣ ਦੀ ਕੋਸ਼ਿਸ਼ 'ਚ ਡਿੱਗ ਪਏ ਤੇ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੇ ਪਿੱਛੇ ਆ ਰਹੀ ਬਰੀਜ਼ਾ ਗੱਡੀ 'ਚ ਸਵਾਰ ਨੌਜਵਾਨਾਂ ਨੇ ਗੱਡੀ ਮੌਕੇ ਤੋਂ ਭਜਾ ਲਈ ਤੇ ਫਰਾਰ ਹੋ ਗਏ।

ਕਾਬੂ ਕੀਤੇ ਦੋ ਮੁਲਜ਼ਮ ਦਵਿੰਦਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਲਾਟੀਆਵਾਲ ਅਤੇ ਬਲਵਿੰਦਰ ਸਿੰਘ ਪੁੱਤਰ ਨੇਜਾ ਸਿੰਘ ਵਾਸੀ ਪਿੰਡ ਤੋਤੀ ਥਾਣਾ ਸੁਲਤਾਨਪੁਰ ਲੋਧੀ ਦੇ ਕਬਜ਼ੇ ਵਿਚੋਂ ਇਕ ਕੱਪੜੇ ਦੇ ਝੋਲੇ 'ਚ ਪਾਏ ਹੋਏ ਪਲਾਸਟਿਕ ਦੇ ਲਿਫਾਫੇ 'ਚ ਲਪੇਟੀ ਹੋਈ ਹੈਰੋਇਨ ਬਰਾਮਦ ਹੋਈ, ਜੋ ਤੋਲ ਨਾਪ ਕਰਨ 'ਤੇ 1 ਕਿੱਲੋ 500 ਗ੍ਰਾਮ ਹੋਈ। ਜਿਸਦੀ ਇੰਨਟਰਨੈਸ਼ਨਲ ਮਾਰਕੀਟ ਵਿਚ ਕੀਮਤ ਲਗਪਗ ਸਾਢੇ ਸੱਤ ਕਰੋੜ ਹੈ। ਇਸ ਤੋਂ ਇਲਾਵਾ ਇਨ੍ਹਾਂ ਮੁਲਜ਼ਮਾਂ ਪਾਸੋਂ ਡਰੱਗ ਮਨੀ ਦੇ 2 ਲੱਖ 9,900 ਰੁਪਏ ਕੈਸ਼ ਬਰਾਮਦ ਹੋਏ।

ਐੱਸਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸਦੇ ਨਾਲ ਹੀ ਪਿੱਛੇ ਆਉਂਦੀ ਗੱਡੀ ਬਰੀਜ਼ਾ 'ਚ ਬੈਠੇ ਨੌਜਵਾਨਾਂ ਦੀ ਪਛਾਣ ਡਰਾਈਵਰ ਮੰਗਲ ਸਿੰਘ ਨੰਬਰਦਾਰ ਵਾਸੀ ਲਾਟੀਆਂਵਾਲ ਥਾਣਾ ਸੁਲਤਾਨਪੁਰ ਲੋਧੀ ਤੇ ਨਾਲ ਬੈਠੇ ਕੁਲਦੀਪ ਸਿੰਘ ਉਰਫ਼ ਕਾਲਾ ਵਾਸੀ ਤੋਤੀ ਤੇ ਪਿਛਲੀ ਸੀਟ 'ਤੇ ਬੈਠਾ ਹਰਵਿੰਦਰ ਸਿੰਘ ਉਰਫ਼ ਗੁੱਲੀ ਵਾਸੀ ਲਾਟੀਆਵਾਲ ਵਜੋਂ ਹੋਈ ਹੈ। ਐੱਸਪੀ ਮਨਪ੍ਰਰੀਤ ਸਿੰਘ ਿਢੱਲੋਂ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਕੋਲੋਂ ਹੁਣ ਤਕ ਦੀ ਕੀਤੀ ਪੁੱਛਗਿੱਛ 'ਚ ਸਾਹਮਣੇ ਆਇਆ ਹੈ ਕਿ ਭਗੌੜੇ ਹੋਏ ਬਰੀਜ਼ਾ ਗੱਡੀ ਸਵਾਰ ਉਕਤ ਤਿੰਨੋਂ ਨੌਜਵਾਨ ਅੰਤਰਰਾਜੀ ਪੱਧਰ ਦੇ ਸਮੱਗਲਰ ਹਨ ਤੇ ਇਹ ਹੈਰੋਇਨ ਵੱਡੇ ਪੱਧਰ 'ਤੇ ਅੱਗੇ ਦਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਨੂੰ ਵੇਚਦੇ ਸਨ। ਇਹ ਅੱਗੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਵੱਡੀ ਮਾਤਰਾ ਵਿਚ ਹੈਰੋਇਨ ਦੀ ਸਮੱਗਲਿੰਗ ਕਰਦੇ ਸਨ।

ਐੱਸਪੀ ਨੇ ਦੱਸਿਆ ਕਿ ਉਕਤ ਪੰਜ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਥਾਣਾ ਸੁਲਤਾਨਪੁਰ ਲੋਧੀ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੋ ਤਿੰਨ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ, ਉਨ੍ਹਾਂ ਦੀ ਗਿ੍ਫ਼ਤਾਰੀ ਸਬੰਧੀ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਵੀ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ।