ਹਰਮੇਸ਼ ਸਰੋਆ, ਫਗਵਾੜਾ : ਥਾਣਾ ਸਿਟੀ ਪੁਲਿਸ ਵੱਲੋਂ ਚੋਰੀ ਦੇ ਮਾਮਲੇ 'ਚ 2 ਮੁਲਜ਼ਮਾਂ ਨੂੰ ਕਾਬੂ ਕਰ ਕੇ ਚੋਰੀ ਦਾ ਸਾਮਾਨ ਅਤੇ ਨਕਦੀ ਬਰਾਮਦ ਕੀਤੀ ਗਈ ਹੈ। ਐੱਸਐੱਚਓ ਥਾਣਾ ਸਿਟੀ ਅਮਨਦੀਪ ਨਾਹਰ ਨੇ ਦੱਸਿਆ ਕਿ ਅੰਜਲੀ ਗੋਗਨਾ ਪਤਨੀ ਮਨੀਸ਼ ਗੋਗਨਾ ਵਾਸੀ ਬਾਂਸਾ ਵਾਲਾ ਬਾਜ਼ਾਰ ਕੌੜਿਆ ਮੁਹੱਲਾ ਫਗਵਾੜਾ ਨੇ ਪੁਲਿਸ ਨੂੰ ਦੱਸਿਆ ਕਿ ਮਿਤੀ 01.05.2023 ਨੂੰ ਸ਼ਾਮ ਦੇ 4 ਕੁ ਵਜੇ ਉਹ ਆਪਣੇ ਘਰ ਨੂੰ ਤਾਲਾ ਲਾ ਕੇ ਆਪਣੇ ਪੁੱਤ ਨੂੰ ਟਿਊਸ਼ਨ ਛੱਡਣ ਵਾਸਤੇ ਮੇਹਲੀ ਗੇਟ ਗਈ ਸੀ। ਜਦੋਂ ਉਹ ਅੱਧੇ ਘੰਟੇ ਬਾਅਦ ਵਾਪਸ ਆਈ ਤਾਂ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਖਿਲਰਿਆ ਹੋਇਆ ਅਤੇ ਉਸ ਦੀ ਅਲਮਾਰੀ ਵਿਚੋਂ ਸੋਨੇ ਦੇ ਗਹਿਣੇ ਜਿਨ੍ਹਾਂ ਵਿਚ ਇਕ ਟਾਪਸ ਦਾ ਜੋੜਾ, ਇਕ ਮੁੰਦਰੀ ਅਤੇ 15 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਇਸ ਨੂੰ ਕੋਈ ਨਾਮਲੂਮ ਵਿਅਕਤੀ ਚੋਰੀ ਕਰ ਕੇ ਲੈ ਗਿਆ। ਇਸ ਤੋਂ ਬਾਅਦ ਪੁਲਿਸ ਵੱਲੋਂ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕੀਤੀ ਗਈ। ਇਸ ਮਾਮਲੇ 'ਚ ਪੁਲਿਸ ਨੂੰ ਉਸ ਵੇਲੇ ਸਫਲਤਾ ਪ੍ਰਰਾਪਤ ਹੋਈ, ਜਦੋਂ ਪੁਲਿਸ ਪਾਰਟੀ ਨੇ ਮੁਖਬਰ ਖਾਸ ਦੀ ਸੂਚਨਾ 'ਤੇ ਬੱਸ ਸਟੈਂਡ ਫਗਵਾੜਾ ਤੋਂ ਮੋਟਰਸਾਈਕਲ ਨੰਬਰ ਪੀਬੀ 07 ਏਪੀ 6613 ਮਾਰਕਾ ਸਪਲੈਂਡਰ 'ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਖੜ੍ਹੇ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ। ਜਿਨ੍ਹਾਂ ਕੋਲੋਂ ਪੁਲਿਸ ਨੇ ਚੋਰੀ ਦੀ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ, ਇਕ ਘਰੇਲੂ ਗੈਸ ਸਿਲੰਡਰ ਅਤੇ 3 ਹਜ਼ਾਰ ਰੁਪਏ ਬਰਾਮਦ ਕੀਤੇ ਗਏ।

ਐੱਸਐੱਚਓ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਦੀਪਕ ਕੁਮਾਰ ਉਰਫ ਦੀਪੂ ਪੁੱਤਰ ਗੁਰਦਿੱਤਾ ਵਾਸੀ ਬੋਲੀਨਾ ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਅਤੇ ਯੋਗੇਸ਼ ਚਾਹਲ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਤੱਲਣ ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਵਜੋਂ ਹੋਈ ਪੁਲਿਸ ਵੱਲੋਂ ਮਾਮਲੇ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।