ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਸੂਬੇ ਭਰ ਦੇ ਵੱਡੀ ਗਿਣਤੀ ਨੌਜਵਾਨ ਪੜ੍ਹਾਈ ਤੋਂ ਬਾਅਦ ਵਿਦੇਸ਼ਾਂ ਵਿਚ ਜਾ ਰਹੇ ਹਨ। ਵਿਦੇਸ਼ਾਂ 'ਚ ਜਾਣ ਲਈ ਨੌਜਵਾਨਾਂ ਨੂੰ ਕਿਸੇ ਨਾ ਕਿਸੇ ਟ੍ਰੈਵਲ ਏਜੰਟ ਦਾ ਸਹਾਰਾ ਲੈਣਾ ਪੈਂਦਾ ਹੈ। ਕਈ ਵਾਰ ਤਾਂ ਜੇਕਰ ਨੌਜਵਾਨਾਂ ਨੂੰ ਕੋਈ ਚੰਗਾ ਸਰਕਾਰ ਤੋਂ ਮਾਨਤਾ ਪ੍ਰਰਾਪਤ ਟ੍ਰੈਵਲ ਏਜੰਟ ਮਿਲ ਜਾਵੇ ਤਾਂ ਉਹ ਆਰਾਮ ਨਾਲ ਵਿਦੇਸ਼ ਦੀ ਧਰਤੀ 'ਤੇ ਪਹੁੰਚ ਜਾਂਦੇ ਹਨ ਪਰ ਕਈ ਨੌਜਵਾਨ ਧੋਖੇਬਾਜ਼ ਟ੍ਰੈਵਲ ਏਜੰਟਾਂ ਦੇ ਝਾਂਸੇ ਵਿਚ ਫਸ ਕੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਹੱਥ ਸਿਰਫ ਨਿਰਾਸ਼ਾ ਹੀ ਲਗਦੀ ਹੈ।

ਇਨ੍ਹਾਂ ਧੋਖੇਬਾਜ਼ਾਂ ਨੂੰ ਨੱਥ ਪਾਉਣ ਲਈ ਸਰਕਾਰਾਂ ਵੱਲੋਂ ਸਮੇਂ-ਸਮੇਂ 'ਤੇ ਸਖ਼ਤੀ ਕੀਤੀ ਜਾਂਦੀ ਰਹੀ ਹੈ ਪਰ ਇਹ ਲੋਕ ਮੁੜ ਠੱਗੀ ਜਾਂ ਕਮਾਈ ਲਈ ਕੋਈ ਨਾ ਕੋਈ ਰਾਹ ਲੱਭ ਹੀ ਲੈਂਦੇ ਹਨ। ਹੁਣ ਕਈ ਟ੍ਰੈਵਲ ਏਜੰਟ ਲਾਇਸੈਂਸ ਤਾਂ ਲੈ ਰਹੇ ਹਨ। ਇਨ੍ਹਾਂ ਵੱਲੋਂ ਜਿਸ ਕੈਟਾਗਰੀ ਦਾ ਲਾਇਸੈਂਸ ਲਿਆ ਹੋਇਆ ਹੈ, ਆਪਣੀ ਦੁਕਾਨ ਜਾਂ ਦਫਤਰ ਦੇ ਬਾਹਰ ਬੋਰਡ ਤਾਂ ਉਸ ਕੈਟਾਗਰੀ ਦੇ ਮੁਤਾਬਕ ਹੀ ਲਾਇਆ ਹੋਇਆ ਹੈ ਪਰ ਦਫਤਰ ਦੇ ਅੰਦਰ ਹੋਰ ਕੈਟਾਗਰੀ ਦੇ ਕੰਮ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਕੀਤੇ ਜਾ ਰਹੇ ਹਨ। ਜਿਥੇ ਇਹ ਟ੍ਰੈਵਲ ਏਜੰਟ ਇਸ ਤਰ੍ਹਾਂ ਕਰਕੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ, ਉਥੇ ਹੀ ਸਰਕਾਰ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਹਨ।

ਪੰਜਾਬ ਵਿਚ ਟ੍ਰੈਵਲ ਏਜੈਂਟਾਂ ਦੀਆਂ ਦਿਨੋਂ-ਦਿਨ ਵਧਦੀਆਂ ਠੱਗੀ ਦੀਆਂ ਸ਼ਿਕਾਇਤਾਂ ਨੂੰ ਨਕੇਲ ਪਾਉਣ ਲਈ ਸੂਬਾ ਸਰਕਾਰ ਨੇ ਟ੍ਰੈਵਲ ਕਾਰੋਬਾਰੀਆਂ ਲਈ ਆਪਣਾ ਕਾਰੋਬਾਰ ਚਲਾਉਣ ਵਾਸਤੇ ਲਾਇਸੈਂਸ ਲੈਣਾ ਲਾਜ਼ਮੀ ਕੀਤਾ ਹੋਇਆ ਹੈ। ਇਸ ਤਹਿਤ ਪੰਜਾਬ ਵਿਚ ਜਿਸ ਕੋਲ ਲਾਇਸੈਂਸ ਹੋਵੇਗਾ, ਉਹੀ ਆਪਣਾ ਕੰਮ ਕਰ ਸਕੇਗਾ, ਨਹੀਂ ਤਾਂ ਹੋੋਰਨਾਂ ਖ਼ਿਲਾਫ਼ ਪੁਲਿਸ ਕਾਰਵਾਈ ਕੀਤੀ ਜਾਵੇਗੀ। ਜਦੋਂ ਪੰਜਾਬ ਸਰਕਾਰ ਦੀ ਸਖਤੀ ਤੋਂ ਬਾਅਦ ਟ੍ਰੈਵਲ ਏਜੰਟਾਂ ਨੇ ਆਪਣਾ ਕਾਰੋਬਾਰ ਚਲਾਉਣ ਵਾਸਤੇ ਲਾਇਸੈਂਸ ਅਪਲਾਈ ਕੀਤਾ ਤਾਂ ਲਾਇਸੈਂਸ ਮਿਲਣ ਤੋਂ ਬਾਅਦ ਕਈ ਟ੍ਰੈਵਲ ਏਜੰਟਾਂ ਨੇ ਤਾਂ ਇਕ ਲਾਇਸੈਂਸ 'ਤੇ ਹੀ ਕਈ ਕਾਰੋਬਾਰ ਕਰਨੇ ਸ਼ੂਰੂ ਕਰ ਦਿੱਤੇ। ਇਸ ਤੋਂ ਬਾਅਦ, ਸੂਬਾ ਸਰਕਾਰ ਨੇ ਟ੍ਰੈਵਲ ਏਜੰਟਾਂ 'ਤੇ ਸਖਤੀ ਕਰਦਿਆਂ ਉਨ੍ਹਾਂ ਨੂੰ ਆਪਣੇ ਕੰਮ ਦੀ ਕੈਟਾਗਰੀ ਵਾਈਜ਼ ਲਾਇਸੈਂਸ ਲੈਣ ਦੇ ਹੁਕਮ ਜਾਰੀ ਕੀਤੇ। ਉਦਾਹਰਨ ਵਜੋਂ ਜੇ ਕੋਈ ਟ੍ਰੈਵਲ ਏਜੰਟ ਇਮੀਗੇ੍ਸ਼ਨ ਦਾ ਕੰਮ ਕਰਦਾ ਹੈ ਤਾਂ ਉਸ ਨੂੰ ਇਮੀਗੇ੍ਸ਼ਨ ਦਾ ਕੰਮ ਕਰਨ ਲਈ ਵੱਖ ਤੋਂ ਲਾਇਸੈਂਸ ਲੈਣਾ ਹੋਵੇਗਾ, ਜੇਕਰ ਕੋਈ ਟੂਰ ਪੈਕੇਜ ਏਅਰ ਟਿਕਟਿੰਗ ਜਾ ਆਈਲੈਟਸ ਸੈਂਟਰ ਚਲਾਉਣ ਦਾ ਕੰਮ ਕਰਦਾ ਹੈ ਤਾਂ ਉਸ ਨੂੰ ਆਪਣੀ ਕੈਟਾਗਿਰੀ ਵਾਈਜ਼ ਲਾਇਸੈਂਸ ਲੈਣਾ ਲਾਜ਼ਮੀ ਕੀਤਾ ਹੈ। ਭਾਵ ਏਜੰਟ ਕੋਲ ਜਿਸ ਕੰਮ ਦਾ ਲਾਇਸੈਂਸ ਹੋਵੇਗਾ, ਉਹ ਉਸ ਕੈਟਾਗਿਰੀ ਦਾ ਕੰਮ ਕਰ ਸਕੇਗਾ, ਦੂਜਾ ਨਹੀਂ। ਵਰਕ ਪਰਮਿਟ ਦਾ ਕੰਮ ਕਰਨ ਅਤੇ ਵਰਕ ਪਰਮਿਟ ਦੀ ਇਸ਼ਤਿਹਾਰਬਾਜ਼ੀ ਕਰਨ ਵਾਲਿਆਂ ਨੂੰ ਸਰਕਾਰ ਵੱਲੋਂ ਵੱਖ ਤੋਂ ਲਾਇਸੈਂਸ ਲੈਣਾ ਪਵੇਗਾ। ਪ੍ਰਸ਼ਾਸਨ ਦੀ ਸਖਤੀ ਕਾਰਨ ਸੂਬੇ ਭਰ ਦੇ ਟ੍ਰੈਵਲ ਏਜੰਟਾਂ ਨੇ ਆਪਣੇ ਲਾਇਸੈਂਸ ਅਪਲਾਈ ਕੀਤੇ। ਹੁਣ ਪੰਜਾਬ ਵਿਚ ਜਿਹੜੇ ਲਾਇਸੈਂਸ ਜਾਰੀ ਹੋਏ, ਉਨ੍ਹਾਂ ਤੋਂ ਪਤਾ ਲੱਗਾ ਕਿ ਟ੍ਰੈਵਲ ਲਾਇਸੈਂਸ ਕਿਸੇ ਹੋਰ ਦੇ ਨਾਂ 'ਤੇ ਹੈ ਅਤੇ ਕੰਪਨੀ ਕੋਈ ਹੋਰ ਚਲਾ ਰਿਹਾ ਹੈ ਜਾਂ ਲਾਇਸੈਂਸ ਕਿਸੇ ਹੋਰ ਕੈਟਾਗਰੀ ਦਾ ਹੈ ਅਤੇ ਪਰਦੇ ਦੇ ਪਿੱਛੇ ਕੰਮ ਕਿਸੇ ਹੋਰ ਕੈਟਾਗਰੀ ਦਾ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਫਰਜ਼ੀ ਟ੍ਰੈਵਲ ਏਜੰਟਾਂ ਦੇ ਚੁੰਗਲ ਤੋਂ ਬਚਾਉਣ ਅਤੇ ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਕਰਨ ਲਈ ਕਈ ਵਾਰ ਵਿਸ਼ੇਸ਼ ਮੁਹਿੰਮ ਚਲਾਈ, ਜਿਸ ਤਹਿਤ ਉਨ੍ਹਾਂ ਕਈ ਫਰਜ਼ੀ ਟ੍ਰੈਵਲ ਏਜੰਟਾਂ ਖ਼ਿਲਾਫ਼ ਕਈ ਮਾਮਲੇ ਦਰਜ ਕੀਤੇ। ਜਦੋਂ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਪ੍ਰਸ਼ਾਸਨ ਨੇ ਲਾਇਸੈਂਸ ਰੱਦ ਕੀਤੇ ਹਨ। ਸੂਤਰਾਂ ਮੁਤਾਬਕ ਪੁਲਿਸ ਅਤੇ ਪ੍ਰਸ਼ਾਸਨ ਦੇ ਖੌਫ ਕਾਰਨ ਕਈ ਏਜੰਟਾਂ ਨੇ ਲਾਇਸੈਂਸ ਕਿਸੇ ਹੋਰ ਦੇ ਨਾਂ 'ਤੇ ਲਏ ਹਨ, ਜਦਕਿ ਕੰਪਨੀ ਉਹ ਖੁਦ ਚਲਾ ਰਹੇ ਹਨ, ਇਨ੍ਹਾਂ ਵਿਚੋਂ ਵਿਦੇਸ਼ ਵਿਚ ਬੈਠੇ ਕੁਝ ਲੋਕ ਵੀ ਸ਼ਾਮਲ ਹਨ, ਜਿਹੜੇ ਕਿ ਰਹਿੰਦੇ ਤਾਂ ਉੱਥੇ ਹਨ, ਜਦਕਿ ਲਾਇਸੈਂਸ ਸਟਾਫ ਦੇ ਮੈਂਬਰਾਂ ਦੇ ਨਾਂ 'ਤੇ ਲੈ ਕੇ ਪੰਜਾਬ ਦੇ ਕਈ ਸ਼ਹਿਰਾਂ ਵਿਚ ਆਪਣੇ ਦਫਤਰ ਚਲਾ ਰਹੇ ਹਨ। ਜੇਕਰ ਪ੍ਰਸ਼ਾਸਨ ਇਸ ਪਾਸੇ ਗੰਭੀਰਤਾ ਨਾਲ ਧਿਆਨ ਦੇਵੇਗਾ ਤਾਂ ਕਈ ਲੋਕ ਠੱਗੀ ਦਾ ਸ਼ਿਕਾਰ ਹੋਣ ਤੋ ਬਚ ਸਕਦੇ ਹਨ।

-----------

ਕਪੂਰਥਲਾ ਜ਼ਿਲ੍ਹੇ 'ਚ ਵੱਖ ਵੱਖ ਕਟਾਗਰੀ ਦੇ 291 ਟ੍ਰੈਵਲ ਏਜੰਟ

ਕਪੂਰਥਲਾ ਜ਼ਿਲ੍ਹੇ 'ਚ ਪੈਂਦੀਆਂ ਚਾਰ ਸਬ ਡਵੀਜ਼ਨਾਂ 'ਚ 291 ਦੇ ਕਰੀਬ ਟ੍ਰੈਵਲ ਏਜੰਟਾਂ ਨੇ ਵੱਖ ਵੱਖ ਕੈਟਾਗਰੀ ਦੇ ਲਾਇਸੈਂਸ ਲੈ ਕੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ।

-------------

ਮਾਮਲਾ ਧਿਆਨ 'ਚ, ਜਲਦ ਹੋਵੇਗੀ ਚੈਕਿੰਗ : ਏਡੀਸੀ

ਜਦੋਂ ਇਸ ਸਬੰਧ 'ਚ ਵਧੀਕ ਡਿਪਟੀ ਕਮਿਸ਼ਨਰ ਜਰਨਲ ਸਾਗਰ ਸੇਤੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਆ ਚੁੱਕਾ ਹੈ ਅਤੇ ਜਲਦ ਹੀ ਇਸ ਤਰ੍ਹਾਂ ਦੇ ਟ੍ਰੈਵਲ ਏਜੰਟਾਂ ਦੀ ਚੈਕਿੰਗ ਕੀਤੀ ਜਾਵੇਗੀ। ਜੇਕਰ ਕਿਸੇ ਨੇ ਜਿਸ ਕੈਟਾਗਰੀ ਦਾ ਲਾਇਸੈਂਸ ਲਿਆ ਹੈ, ਉਸ ਤੋਂ ਇਲਾਵਾ ਹੋਰ ਕੈਟਾਗਰੀ ਦਾ ਕੰਮ ਸ਼ੁਰੂ ਕੀਤਾ ਹੈ ਤਾਂ ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੇ ਵੀ ਨੂੰ ਕਾਨੂੰਨ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।