ਰਘਬਿੰਦਰ ਸਿੰਘ, ਨਡਾਲਾ : ਬੱਸ ਅੱਡਾ ਨਡਾਲਾ ਦੀਆਂ ਸਾਰੀਆਂ ਸੜਕਾਂ 'ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਕਾਰਨ ਪਲ ਪਲ ਬਾਅਦ ਟ੍ਰੈਫਿਕ ਜਾਮ ਦੀ ਸਮੱਸਿਆ ਵੇਖਣ ਨੂੰ ਮਿਲਦੀ ਹੈ। ਜਿਸ ਵੱਲ ਨਗਰ ਪੰਚਾਇਤ ਜਾਂ ਪੁਲਿਸ ਨੇ ਕਦੇ ਧਿਆਨ ਨਹੀਂ ਦਿੱਤਾ। ਅਜਿਹੇ ਹਾਲਾਤ ਵਿਚ ਕਈ ਹਾਦਸੇ ਵੀ ਹੋ ਚੁੱਕੇ ਹਨ। ਨਗਰ ਪੰਚਾਇਤ ਤੇ ਪੁਲਿਸ ਇਕ ਦੂਜੇ ਵੱਲ ਵੇਖ ਰਹੇ ਹਨ। ਲਗਾਤਾਰ ਹਾਦਸੇ ਵਾਪਰ ਰਹੇ ਹਨ। ਜਿਸ ਤਰ੍ਹਾਂ ਇਹ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹੋਣ। ਟ੍ਰੈਫਿਕ ਦੀ ਵਿਗੜੀ ਹਾਲਤ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਨਡਾਲਾ ਬੇਗੋਵਾਲ ਸੜਕ ਤਾਂ ਪਹਿਲਾਂ ਹੀ ਭੀੜੀ ਹੈ। ਦੁਪਹਿਰ ਦੋ ਤੋਂ ਤਿੰਨ ਵਜੇ ਤਕ ਸਕੂਲਾਂ ਦੀਆਂ ਬੱਸਾਂ ਦੀ ਆਮਦ ਵੇਲੇ ਹਾਲਾਤ ਬਹੁਤ ਵਿਗੜ ਜਾਂਦੇ ਹਨ। ਚੌਕ ਦੇ ਚਾਰੇ ਪਾਸੇ ਸੜਕ 'ਤੇ ਟ੍ਰੈਫਿਕ ਰੁੱਕ ਜਾਂਦੀ ਹੈ। ਇਥੇ ਪੀਸੀਆਰ ਮੋਟਰਸਾਈਕਲ ਦੀ 24 ਘੰਟੇ ਡਿਊਟੀ ਹੈ ਪਰ ਕਿਸੇ ਨੂੰ ਕਦੇ ਵੀ ਟ੍ਰੈਫਿਕ ਨੂੰ ਲੰਘਾਉਣ ਲਈ ਕੋਸ਼ਿਸ਼ ਨਹੀਂ ਕੀਤੀ। ਇਸੇ ਤਰ੍ਹਾਂ ਨਡਾਲਾ-ਸੁਭਾਨਪੁਰ ਸੜਕ ਤੇ ਦੁਕਾਨਦਾਰ ਤੇ ਰੇਹੜੀ ਫੜੀ ਵਾਲੇ ਦੋਵੇਂ ਪਾਸੇ ਕਾਬਜ਼ ਹਨ। ਜ਼ਿਆਦਾ ਮਾੜੇ ਹਾਲ ਨਡਾਲਾ ਿਢੱਲਵਾਂ ਰੋਡ ਦੇ ਹਨ, ਜਿੱਥੇ ਦਿਨ ਵੇਲੇ ਵੀ ਮੱਛੀ ਮੰਡੀ ਦੇ ਨਜ਼ਾਰੇ ਵੇਖਣ ਨੂੰ ਮਿਲਦੇ ਹਨ। ਰੇਹੜੀਆਂ ਤੇ ਰੇਹੜਿਆਂ ਵਾਲੇ ਦਿਨ ਭਰ ਦੋਵੇਂ ਪਾਸੇ ਸੜਕਾਂ ਮਲ ਕੇ ਸਬਜ਼ੀ, ਫ਼ਲ਼ ਆਦਿ ਵੇਚਦੇ ਹਨ। ਭਾਵੇਂ ਕਿਸੇ ਅੱਗੇ ਲੰਘਣਾ, ਬੈਂਕ ਜਾਂ ਗੈਸ ਏਜੰਸੀ ਜਾਣਾ, ਕਿਸੇ ਨੂੰ ਰਸਤਾ ਨਹੀਂ ਮਿਲਦਾ। ਇਸੇ ਤਰ੍ਹਾਂ ਨਡਾਲਾ ਭੁਲੱਥ ਸੜਕ ਤੇ ਲੋਕ ਸੜਕ ਦੇ ਕਿਨਾਰਿਆਂ 'ਤੇ ਕਾਬਜ਼ ਹਨ। ਇਸ ਸੜਕ 'ਤੇ ਬੈਂਕ ਤੋਂ ਇਲਾਵਾ 3 ਸਕੂਲ ਸੰਸਥਾਵਾਂ ਸਕੂਲ, ਸੀਨੀਅਰ ਸੈਕੰਡਰੀ ਸਕੂਲ ਤੇ ਕਾਲਜ ਹਨ। ਜਿਸ ਨਾਲ ਵਿਦਿਆਰਥੀਆਂ ਤੇ ਮਾਪਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਸੁਣਦਾ ਕੋਈ ਨਹੀਂ।

ਇਸ ਸਬੰਧੀ ਇਲਾਕੇ ਦੇ ਸਮਾਜ ਸੇਵੀ ਸਤਪਾਲ ਸਿੱਧੂ, ਸੰਦੀਪ ਕੁਮਾਰ ਤੇ ਪੱਤਰਕਾਰਾਂ ਵੱਲੋਂ ਨਗਰ ਪੰਚਾਇਤ ਨਡਾਲਾ ਦੇ ਈਓ ਬਰਿੱਜ ਕੁਮਾਰ ਤਿਰਪਾਠੀ ਦੇ ਧਿਆਨ ਵਿਚ ਲਿਆਂਦੀ ਗਈ ਸੀ ਪਰ ਈਓ ਵੀ ਗੋਂਗਲੂਆਂ ਤੋਂ ਮਿੱਟੀ ਝਾੜ ਦਿੰਦੇ ਹਨ। ਕਰਦੇ ਹਾਂ, ਕਰਦੇ ਹਾਂ, ਬਸ ਇਹ ਕਹਿ ਕੇ ਸਾਰ ਦਿੰਦੇ ਹਨ। ਇਸ ਤਰ੍ਹਾਂ ਜਾਪਦਾ ਹੈ ਕਿ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਇਹ ਕਹਾਣੀ ਵਿਗੜੀ ਹੋਈ ਹੈ।

ਇਸ ਤੋ ਇਲਾਵਾਂ, ਅੱਡੇ ਤੋਂ ਗੁਰਦੁਆਰਾ ਬਾਉਲੀ ਸਾਹਿਬ ਰੋਡ ਵਾਲੇ ਬਾਜ਼ਾਰ ਵਿਚ ਵੀ ਦੁਕਾਨਦਾਰਾਂ ਨੇ ਆਪਣੀ ਹਦੂਦ ਤੋਂ ਬਾਹਰ ਸਾਮਾਨ ਰੱਖਿਆ ਹੋਇਆ ਹੈ, ਜਿਸ ਕਾਰਨ ਬਾਜ਼ਾਰ ਦੋਵੇਂ ਪਾਸਿਓਂ ਤੰਗ ਹੋ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਕੁ ਦੁਕਾਨਦਾਰਾਂ ਨੇ ਮਹਿੰਦੀ ਲਾਉਣ ਵਾਲਿਆਂ ਦੇ ਅੱਡੇ ਲਗਵਾਏ ਹੋਏ ਹਨ, ਜਿਸ ਨਾਲ ਹਾਲਾਤ ਬਦਤਰ ਹੋ ਜਾਂਦੇ ਹਨ। ਇਸ ਸਬੰਧੀ ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਆਮ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਫੁੱਟਪਾਥਾਂ ਤੋਂ ਰੇਹੜੀਆਂ ਫੜੀਆਂ ਦੇ ਨਾਜਾਇਜ਼ ਕਬਜ਼ੇ ਹਟਵਾਏ ਜਾਣ ਤੇ ਟ੍ਰੈਫਿਕ ਜਾਮ ਦਾ ਕਾਰਨ ਬਣਦੇ ਇਨ੍ਹਾਂ ਰੇਹੜੀਆਂ ਫੜ੍ਹੀਆਂ ਵਾਲਿਆਂ ਨੂੰ ਸਾਮਾਨ ਵੇਚਣ ਲਈ ਕੋਈ ਖੁੱਲ੍ਹੀ ਜਗ੍ਹਾ ਨਿਰਧਾਰਿਤ ਕੀਤੀ ਜਾਵੇ।

------------

ਨਗਰ ਪੰਚਾਇਤ ਕਾਰਵਾਈ ਕਰੇ, ਪੁਲਿਸ ਸਾਥ ਦੇਵੇਗੀ : ਚੌਕੀ ਮੁਖੀ

ਇਸ ਸਬੰਧੀ ਚੌਕੀ ਮੁਖੀ ਗੁਰਜਸਵੰਤ ਸਿੰਘ ਨੇ ਆਖਿਆ ਕਿ ਨਗਰ ਪੰਚਾਇਤ ਕਬਜ਼ੇ ਹਟਾਉਣ ਦੀ ਕਾਰਵਾਈ ਕਰੇ, ਪੁਲਿਸ ਪ੍ਰਸ਼ਾਸਨ ਸਾਥ ਦੇਵੇਗੀ।