ਜੇਐੱਨਐੱਨ, ਫਗਵਾੜਾ : ਫਗਵਾੜਾ ਵਿਧਾਨ ਸਭਾ ਹਲਕੇ 'ਚ ਅੱਜ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਦੇ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਲਿਹਾਜ਼ ਨਾਲ ਥਾਂ-ਥਾਂ 'ਤੇ ਪੁਲਿਸ ਤਾਇਨਾਤ ਕੀਤੀ ਗਈ ਹੈ। ਸੰਵੇਦਨਸ਼ੀਲ ਬੂਥਾਂ 'ਤੇ ਵਾਧੂ ਪੁਲਿਸ ਮੁਲਾਜ਼ਮਾਂ ਸਣੇ ਬੀਐੱਸਐੱਫ ਵੀ ਤਾਇਨਾਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਰ ਬੂਥ 'ਤੇ ਪੁਲਿਸ ਨੇ ਤਿੱਖੀ ਨਜ਼ਰ ਰੱਖੀ ਹੋਈ ਹੈ। ਫਗਵਾੜਾ ਸਬ-ਡਿਵੀਜਨ 'ਚ ਸੁਰੱਖਿਆ ਦੇ ਮੱਦੇਨਜ਼ਰ ਬੀਐੱਸਐੱਫ ਸਣੇ ਇਕ ਹਜ਼ਾਰ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਪੈਟਰੋਲਿੰਗ ਪਾਰਟੀਆਂ ਨੂੰ ਵੀ ਡਿਊਟੀ 'ਤੇ ਲਾਇਆ ਗਿਆ ਹੈ। ਫਗਵਾੜਾ ਵਿਧਾਨ ਸਭਾ ਹਲਕੇ 'ਚ ਇਕ ਲੱਖ 84 ਹਜ਼ਾਰ 903 ਵੋਟਰ ਆਪਣੀ ਵੋਟ ਦੀ ਵਰਤੋਂ ਕਰਨਗੇ। ਇਨ੍ਹਾਂ 'ਚ 97361 ਪੁਰਸ਼ ਤੇ 87535 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 7 ਥਰਡ ਜੈਂਡਰ ਹਨ। ਫਗਵਾੜਾ ਤੇ ਸ਼ਹਿਰੀ 100 ਤੇ ਪੇਂਡੂ 120 ਬੂਥਾਂ ਨੂੰ ਮਿਲੇ ਕੇ 220 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ 'ਚੋਂ 145 ਬੂਥ ਸੰਵੇਦਨਸ਼ੀਲ ਹਨ। ਫਗਵਾੜਾ 'ਚ 220 ਪ੍ਰਰੋਜਾਈਡਿੰਗ ਅਫਸਰ, 220 ਸਹਾਇਤ ਪ੍ਰਰੋਜਾਈਡਿੰਗ ਅਫਸਰ ਤੇ 440 ਪੋਲਿੰਗ ਏਜੰਟ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ 21 ਸੈਕਟਰ ਸੁਪਰਵਾਈਜ਼ਰ, 4 ਜ਼ੋਨਲ ਅਫਸਰ, 126 ਮਾਈਕ੍ਰੋ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ ਸ਼ਾਂਤੀ ਨਾਲ ਚੋਣਾਂ ਨੇਪਰੇ ਚਾੜਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈ ਹਨ।

-- ਮੁੱਖ ਮੁਕਾਬਲਾ ਕਾਂਗਰਸ ਤੇ ਗਠਜੋੜ ਉਮੀਦਵਾਰ 'ਚ

ਫਗਵਾੜਾ ਵਿਧਾਨ ਸਭਾ ਹਲਕੇ ਤੋਂ ਮੁੱਖ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਤੇ ਗਠਜੋੜ ਉਮੀਦਵਾਰ ਰਜੇਸ਼ ਬਾਘਾ ਵਿਚਕਾਰ ਹੈ। ਇਸ ਤੋਂ ਇਲਾਵਾ ਬਸਪਾ ਦੇ ਉਮੀਦਵਾਰ ਭਗਵਾਨ ਦਾਸ ਵੀ ਸਖ਼ਤ ਮੁਕਾਬਲਾ ਦੇ ਰਹੇ ਹਨ। ਪਿਛਲੀ ਵਾਰ ਹੋਈਆਂ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਸੋਮ ਪ੍ਰਕਾਸ਼ ਕੈਂਥ ਨੂੰ 45479 ਵੋਟ ਮਿਲੇ ਸਨ। ਦੂਜੇ ਪਾਸੇ ਕਾਂਗਰਸ ਦੇ ਜੋਗਿੰਦਰ ਸਿੰਘ ਮਾਨ ਨੂੰ 43470 ਵੋਟ ਮਿਲੇ ਸਨ। ਲੋਕ ਇਨਸਾਫ ਪਾਰਟੀ ਦੇ ਜਰਨੈਲ ਨੰਗਲ ਨੂੰ ਉਸ ਸਮੇਂ 32374 ਵੋਟਾਂ ਮਿਲੀਆਂ ਸਨ।

-- ਇਸ ਵਾਰ 9 ਉਮੀਦਵਾਰ ਮੈਦਾਨ 'ਚ

2017 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਸੱਤ ਉਮੀਦਵਾਰ ਮੈਦਾਨ 'ਚ ਸਨ ਪਰ ਇਸ ਵਾਰ 9 ਉਮੀਦਵਾਰ ਮੈਦਾਨ 'ਚ ਨਿੱਤਰ ਚੁੱਕੇ ਹਨ। ਇਨ੍ਹਾਂ 'ਚ ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ, ਭਾਜਪਾ ਤੋਂ ਰਜੇਸ਼ ਬਾਘਾ, 'ਆਪ' ਪਾਰਟੀ ਤੋਂ ਸੰਤੋਸ਼ ਕੁਮਾਰ ਗੋਗੀ, ਬਸਪਾ ਤੋਂ ਠੇਕੇਦਾਰ ਭਗਵਾਨ ਦਾਸ, ਲੋਕ ਇਨਸਾਫ ਪਾਰਟੀ ਤੋਂ ਜਰਨੈਲ ਨੰਗਲ ਤੇ ਅਕਾਲੀ ਦਲ ਅੰਮਿ੍ਤਸਰ ਤੋਂਪਰਮਜੌਤ ਕੌਰ ਸ਼ਾਮਲ ਹਨ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਨੀਟੂ ਸ਼ਟਰਾਂ ਵਾਲਾ. ਸੋਨੂੰ ਕੁਮਾਰ ਤੇ ਚਰਨਜੀਤ ਸ਼ਾਮਲ ਹਨ।

-- ਪੋਲਿੰਗ ਸਟਾਫ ਨੂੰ ਵੰਡਿਆ ਵੋਟਿੰਗ ਦਾ ਸਮਾਨ

ਅੱਜ ਹੋਣ ਜਾ ਰਹੀਆਂ ਚੋਣਾਂ ਸਬੰਧੀ ਡਿਊਟੀਆਂ 'ਤੇ ਲਾਏ ਗਏ ਪੋਲਿੰਗ ਸਟਾਫ ਤੇ ਪ੍ਰਰੀਜਾਈਡਿੰਗ ਅਫਸਰਾਂ ਨੂੰ ਚੋਣ ਕਿੱਟਾਂ ਵੰਡੀਆਂ ਗਈਆਂ। ਇਸ ਦੀ ਚੋਣ ਮੁੱਖ ਚੋਣ ਆਬਜ਼ਰਵਰ ਸੌਰਵ ਭਗਤ ਤੇ ਰਿਟਰਨਿੰਗ ਅਫਸਰ ਤੇ ਐੱਸਡੀਐੱਮ ਲਤੀਫ ਅਹਿਮਦ ਨੇ ਵੰਡੀਆਂ। ਇਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਵਿਚਕਾਰ ਬੱਸਾਂ 'ਚ ਬਿਠਾ ਕੇ ਪੋਲਿੰਗ ਬੂਥਾਂ ਲਈ ਰਵਾਨਾ ਕੀਤਾ ਗਿਆ।

-- ਸ਼ਾਂਤੀਪੂਰਨ ਢੰਗ ਨਾਲ ਹੋਣਗੀਆਂ ਚੋਣਾਂ : ਐੱਸਐੱਸਪੀ ਸਤਿੰਦਰ ਸਿੰਘ

ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜਨ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ। ਸੁਰੱਖਿਆ ਦੇ ਮੱਦੇਨਜ਼ਰ ਫਗਵਾੜਾ ਸਬ ਡਿਵੀਜਨ 'ਚ ਥਾਂ-ਥਾਂ ਪੁਲਿਸ ਤਾਇਨਾਤ ਕੀਤੀ ਗਈ ਹੈ। ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖਣ ਲਈ ਸਿਵਲ ਵਰਦੀ 'ਚ ਵੀ ਪੁਲਿਸ ਤਾਇਨਾਤ ਕੀਤੀ ਗਈ ਹੈ। 220 ਬੂਥਾਂ 'ਤੇ ਬੀਐੱਸਐੱਫ ਸਣੇ ਇਕ ਹਜ਼ਾਰ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਸਤਿੰਦਰ ਸਿੰਘ ਨੇ ਦੱਸਿਆ ਕਿ ਪੂਰੀ ਵਿਵਸਥਾ 'ਤੇ ਉਹ ਆਪ ਨਜ਼ਰ ਰੱਖ ਰਹੇ ਹਨ।