ਪੰਜਾਬੀ ਜਾਗਰਣ ਟੀਮ, ਫਗਵਾੜਾ : ਫਗਵਾੜਾ ਦੇ ਹਦੀਆਬਦ ਇਲਾਕੇ ਵਿਖੇ 2 ਧਿਰਾਂ ਦੇ ਲੜਾਈ-ਝਗੜੇ 'ਚ 3 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਯੋਗੇਸ਼ ਦੁੱਗਲ ਵਾਸੀ ਹਦੀਆਬਦ ਨੇ ਦੱਸਿਆ ਕਿ ਉਸ ਦੀ ਨਕੋਦਰ ਰੋਡ 'ਤੇ ਰੈਡੀਮੇਡ ਦੀ ਦੁਕਾਨ ਹੈ ਅਤੇ ਉਨ੍ਹਾਂ ਦੀ ਦੁਕਾਨ ਦੇ ਬਿਲਕੁਲ ਸਾਹਮਣੇ ਸੜਕ ਦੀ ਦੂਜੀ ਸਾਈਡ ਇਕ ਕਬਾੜ ਦੀ ਦੁਕਾਨ ਹੈ ਤੇ ਦੁਕਾਨ ਵਾਲੇ ਹਰ ਰੋਜ਼ ਕਬਾੜ ਦੇ ਸਾਮਾਨ ਨੂੰ ਅੱਗ ਲਾ ਦਿੰਦੇ ਹਨ, ਜਿਸ ਕਾਰਨ ਉਹ ਮਾਰਕੀਟ ਦੇ ਹੋਰ ਲੋਕਾਂ ਨੂੰ ਨਾਲ ਲੈ ਕੇ ਦੁਕਾਨਦਾਰ ਨੂੰ ਸਿਰਫ ਇਹ ਕਹਿਣ ਗਏ ਸੀ ਕਿ ਤੁਸੀਂ ਅੱਗ ਨਾ ਲਾਇਆ ਕਰੋ ਪਰ ਦੁਕਾਨਦਾਰ ਨੇ ਉਨ੍ਹਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਦੁਕਾਨਦਾਰ ਦੇ ਇਕ ਹੋਰ ਪਰਿਵਾਰਕ ਮੈਂਬਰ ਨੇ ਉਸ ਦੇ ਸਿਰ 'ਚ ਦਾਤ ਮਾਰ ਦਿੱਤਾ ਅਤੇ ਉਸ ਦੇ ਗਲ 'ਚ ਪਾਈ ਸੋਨੇ ਦੀ ਚੇਨ ਵੀ ਉਨ੍ਹਾਂ ਉਤਾਰ ਲਈ। ਉਧਰ, ਦੂਜੇ ਪਾਸੇ ਇਸ ਮਾਮਲੇ ਸਬੰਧੀ ਦੂਜੀ ਧਿਰ ਦੇ ਆਸ਼ੂਤੋਸ਼ ਭਾਰਦਵਾਜ ਨੇ ਦੱਸਿਆ ਕਿ ਉਹ ਘਰ ਸੀ ਤੇ ਜਿਮ ਜਾਣ ਦੀ ਤਿਆਰੀ ਕਰ ਰਿਹਾ ਸੀ ਤਾਂ ਉਸ ਦੇ ਪਿਤਾ ਦਾ ਫੋਨ ਆਇਆ ਕਿ ਜਲਦੀ ਦੁਕਾਨ 'ਤੇ ਆ ਉਨ੍ਹਾਂ ਦਾ ਕਿਸੇ ਨਾਲ ਝਗੜਾ ਹੋ ਗਿਆ ਹੈ। ਜਦੋਂ ਉਹ ਦੁਕਾਨ 'ਤੇ ਗਿਆ ਤਾਂ ਪਹਿਲੀ ਧਿਰ ਨੇ ਉਸ ਨੂੰ ਵੀ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਉਸ ਨੇ ਕਿਹਾ ਕਿ ਉਸ ਦੇ ਪਿਤਾ ਨੇ ਉਨ੍ਹਾਂ ਨੂੰ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਅੱਗ ਕਿਸ ਨੇ ਲਾਈ ਹੈ ਫਿਰ ਵੀ ਉਹ ਤੁਹਾਡੇ ਤੋਂ ਮਾਫ਼ੀ ਮੰਗਦੇ ਹਨ। ਤੁਸੀਂ ਝਗੜਾ ਨਾ ਕਰੋ। ਸੋਨੇ ਦੀ ਚੇਨ ਬਾਰੇ ਉਨ੍ਹਾਂ ਕਿਹਾ ਕਿ ਬਿਲਕੁੱਲ ਝੂਠ ਹੈ ਅਸੀਂ ਕੋਈ ਵੀ ਚੇਨ ਨਹੀਂ ਲਾਹੀ। ਸਾਰੇ ਮਾਮਲੇ ਬਾਰੇ ਗੱਲਬਾਤ ਕਰਦਿਆਂ ਡਾਕਟਰ ਐੱਸਪੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਦੌਰਾਨ ਲੜਾਈ-ਝਗੜੇ ਦੇ ਮਾਮਲੇ 'ਚ 3 ਲੋਕ ਆਏ ਹਨ, ਜਿਨ੍ਹਾਂ ਦੀ ਪਛਾਣ ਰਾਜ ਕੁਮਾਰ, ਵਰਿੰਦਰ ਕੁਮਾਰ ਤੇ ਯੋਗੇਸ਼ ਦੁੱਗਲ ਵਜੋਂ ਹੈ, ਜਿਨ੍ਹਾਂ ਨੂੰ ਦਾਖਲ ਕਰ ਲਿਆ ਗਿਆ ਹੈ ਤੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।