ਅਮਰ ਪਾਸੀ, ਫਗਵਾੜਾ : ਫਗਵਾੜਾ ਦੇ ਸ਼ੂਗਰ ਮਿੱਲ ਚੌਕ 'ਚ ਬੁੱਧਵਾਰ ਰਾਤ ਵਾਪਰੇ ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਤੇ ਡਰਾਈਵਰ ਦੀ ਮੌਤ ਹੋ ਗਈ। ਥਾਣਾ ਸਿਟੀ ਦੇ ਐੱਸਐੱਚਓ ਨਵਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12 ਵਜੇ ਸ਼ੂਗਰ ਮਿੱਲ ਚੌਕ 'ਚ ਜੰਮੂ ਤੋਂ ਕਾਨਪੁਰ ਜਾ ਰਹੀ ਇਕ ਕਾਰ ਦਾ ਐਕਸੀਡੈਂਟ ਹੋ ਗਿਆ। ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪਹੁੰਚੇ। ਕਾਰ 'ਚ ਪੰਜ ਜਣੇ ਸਵਾਰ ਸਨ, ਜਿਨ੍ਹਾਂ ਦੀ ਪਛਾਣ ਸ਼ੋਭਨਾ, ਰਿਸ਼ਭ, ਕੁਨਾਲ ਤੇ ਪੁਲਕਿਤ ਵਜੋਂ ਹੋਈ ਹੈ, ਕਾਰ ਦੇ ਡਰਾਈਵਰ ਦੀ ਹਾਲੇ ਪਛਾਣ ਨਹੀਂ ਹੋ ਸਕੀ ਹੈ। ਅੌਰਤ ਸ਼ੋਭਨਾ ਤੇ ਕਾਰ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ, ਜਦਕਿ ਬਾਕੀ ਤਿੰਨ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿਥੋਂ ਉਨ੍ਹਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ, ਜਿਥੇ ਡਾਕਟਰਾਂ ਨੇ ਪੁਲਕਿਤ ਤੇ ਕੁਨਾਲ ਨੂੰ ਮਿ੍ਤਕ ਐਲਾਨ ਦਿੱਤਾ। ਰਿਸ਼ਭ ਜ਼ੇਰੇ ਇਲਾਜ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨੈਸ਼ਨਲ ਹਾਈਵੇ ਦੇ ਸਾਰੇ ਹੀ ਸੀਸੀਟੀਵੀ ਕੈਮਰੇ ਬੰਦ

ਜੰਮੂ ਤੋਂ ਕਾਨਪੁਰ ਜਾ ਰਹੇ ਪਰਿਵਾਰ ਨਾਲ ਵਾਪਰੇ ਹਾਦਸੇ ਬਾਰੇ ਿਫ਼ਲਹਾਲ ਪੁਲਿਸ ਦੇ ਹੱਥ ਖਾਲੀ ਹਨ। ਪੁਲਿਸ ਨੈਸ਼ਨਲ ਹਾਈਵੇ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਵੀ ਨਹੀਂ ਲੈ ਸਕਦੀ ਕਿਉਂਕਿ ਸਾਰੇ ਬੰਦ ਹਨ। ਇਸ ਸਬੰਧੀ ਥਾਣਾ ਸਿਟੀ ਦੇ ਐੱਸਐੱਚਓ ਨਵਦੀਪ ਸਿੰਘ ਨੇ ਦੱਸਿਆ ਕਿ ਹਾਈਵੇ 'ਤੇ ਲੱਗੇ ਸੀਸੀਟੀਵੀ ਖ਼ਰਾਬ ਹੋ ਚੁੱਕੇ ਹਨ, ਇਸ ਸਬੰਧੀ ਪੂਰੀ ਲਿਖਤੀ ਰਿਪੋਰਟ ਬਣਾ ਕੇ ਉਨ੍ਹਾਂ ਵੱਲੋਂ ਐੱਸਐੱਸਪੀ ਕਪੂਰਥਲਾ ਨੂੰ ਭੇਜੀ ਜਾ ਚੁੱਕੀ ਹੈ।