ਅਮਨਜੋਤ ਵਾਲੀਆ, ਕਪੂਰਥਲਾ : ਥਾਣਾ ਸਿਟੀ ਵਿਚ ਪੈਂਦੇ ਸੁਲਤਾਨਪੁਰ ਬਾਈਪਾਸ ਵਿਖੇ ਟਾਇਰਾਂ ਦੀ ਦੁਕਾਨ 'ਤੇ ਟਾਇਰ ਵਿਚ ਹਵਾ ਜ਼ਿਆਦਾ ਭਰਨ ਕਰ ਕੇ ਟਾਇਰ ਫਟਣ ਕਾਰਨ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਅਸਲਮ ਪੁੱਤਰ ਨਿਆਮੁੱਲਾ ਅਤੇ ਉਸ ਦਾ ਸਾਥੀ ਮੇਸ਼ੀ ਨੇ ਦੱਸਿਆ ਕਿ ਉਹ ਟਾਇਰ ਨੂੰ ਪੈਂਚਰ ਲਾ ਕੇ ਉਸ ਵਿਚ ਹਵਾ ਭਰ ਰਹੇ ਸਨ ਤਾਂ ਅਚਾਨਕ ਟਾਇਰ ਵਿਚ ਹਵਾ ਜ਼ਿਆਦਾ ਭਰ ਗਈ ਅਤੇ ਉਹ ਫੱਟ ਗਿਆ, ਜਿਸ ਕਾਰਨ ਉਹ ਦੋਵੇਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਚ ਦਾਖਲ ਕਰਵਾਇਆ। ਜਿੱਥੇ ਇਕ ਵਿਅਕਤੀ ਮੇਸ਼ੀ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਦਾ ਮੁੱਢਲਾ ਇਲਾਜ ਕਰ ਕੇ ਜਲੰਧਰ ਦੇ ਨਿੱਜੀ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਅਤੇ ਅਸਲਮ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।

ਇਸੇ ਤਰ੍ਹਾਂ ਪਿੰਡ ਲਾਟੀਆਂਵਾਲ ਵਿਖੇ ਪੈਦਲ ਜਾ ਰਹੇ 12 ਸਾਲਾ ਬੱਚੇ ਨੂੰ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਜਸਬੀਰ ਸਿੰਘ ਪੁੱਤਰ ਗੁਰਪਾਲ ਸਿੰਘ ਨੇ ਦੱਸਿਆ ਕਿ ਉਹ ਖੇਤਾਂ ਵਿਚ ਆਲੂ ਦੀ ਪੁਟਾਈ ਕਰ ਰਹੇ ਸਨ ਤਾਂ ਉਨ੍ਹਾਂ ਦਾ ਲੜਕਾ ਜਸਬੀਰ ਜੋ ਕਿ ਉਨ੍ਹਾਂ ਵਾਸਤੇ ਘਰੋਂ ਰੋਟੀ ਲੈ ਕੇ ਆ ਰਿਹਾ ਸੀ ਤਾਂ ਰਸਤੇ ਵਿਚ ਪਿੱਛੋਂ ਆਉਂਦੇ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਾਤਲ ਕਪੂਰਥਲਾ ਵਿਚ ਦਾਖ਼ਲ ਕਰਵਾਇਆ। ਜਿੱਥੇ ਡਿਊਟੀ ਡਾਕਟਰ ਅਨੁਸਾਰ ਉਸ ਦੀ ਹਾਲਤ ਗੰਭੀਰ ਹੈ ਅਤੇ ਇਲਾਜ ਜਾਰੀ ਹੈ। ਇਸ ਸਬੰਧੀ ਸਬੰਧਿਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।