ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੈੜਾ ਦੋਨਾ ਵਿਚ ਪੜ੍ਹਦੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੀ ਖੁਸ਼ੀ ਦਾ ਉਸ ਵੇਲੇ ਕੋਈ ਟਿਕਾਣਾ ਨਾ ਰਿਹਾ, ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਵਿਚ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਨੀਸ਼ਾ ਰਾਣੀ ਨੇ 98.46, ਸ਼ੁਭਰੀਤ ਕੌਰ ਨੇ 97.85 ਅਤੇ ਟੀਨਾ ਸ਼ਰਮਾ ਨੇ 97.08 ਫ਼ੀਸਦੀ ਅੰਕ ਹਾਸਲ ਕਰ ਕੇ ਬੋਰਡ ਦੀ ਮੈਰਿਟ ਸੂਚੀ ਵਿਚ ਆਪਣਾ ਨਾਂ ਦਰਜ ਕਰਵਾਇਆ। ਨੀਸ਼ਾ ਰਾਣੀ ਨੇ ਜ਼ਿਲ੍ਹਾ ਪੱਧਰ 'ਤੇ ਪਹਿਲਾ ਸਥਾਨ ਹਾਸਲ ਕਰ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਪਿੰ੍ਸੀਪਲ ਅਨੁਰਾਗ ਭੱਲਾ ਨੇ ਕਿਹਾ ਕਿ ਮਾਪਿਆਂ ਦਾ ਸੰਸਥਾ ਵਿਚ ਭਰੋਸਾ, ਵਿਦਿਆਰਥੀਆਂ ਦੀ ਮਿਹਨਤ ਅਤੇ ਅਧਿਆਪਕਾਂ ਦੀਆਂ ਸਮਰਪਿਤ ਸੇਵਾਵਾਂ ਦਾ ਹੀ ਨਤੀਜਾ ਹੈ ਕਿ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ, ਉਥੇ 80 ਫੀਸਦੀ ਵਿਦਿਆਰਥੀਆਂ ਦੇ ਪਾਸ ਅੰਕ ਵੀ 85 ਫੀਸਦੀ ਤੋਂ ਉੱਪਰ ਆਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਕਲਾਸ ਦੇ ਨਤੀਜੇ ਵਿਚ ਵੀ ਇਸੇ ਸੰਸਥਾ ਦੀਆਂ ਦੋ ਵਿਦਿਆਰਥਣਾਂ ਪਿ੍ਰਅੰਕਾ ਅਤੇ ਹਰਨਜੀਤ ਕੌਰ ਨੇ ਵੀ ਆਪਣੇ ਨਾਂ ਮੈਰਿਟ ਸੂਚੀ ਵਿਚ ਦਰਜ ਕਰਵਾ ਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ।

--------------

ਮਾਤਾ ਨਸੀਬ ਕੌਰ ਖੈੜਾ ਐਵਾਰਡ ਨਾਲ ਹੋਵੇਗਾ ਸਨਮਾਨ

ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਖੈੜਾ ਅਤੇ ਸਿੱਖਿਆ ਮਾਹਿਰ ਰੌਸ਼ਨ ਖੈੜਾ ਸਟੇਟ ਐਵਾਰਡੀ ਨੇ ਕਿਹਾ ਕਿ ਸਿੱਖਿਆ ਅਤੇ ਖੇਡਾਂ ਦੇ ਖੇਤਰ 'ਚ ਉੱਤਮਤਾ ਹਾਸਲ ਕਰਨ ਵਾਲੀ ਇਸ ਸੰਸਥਾ ਨੇ ਹਮੇਸ਼ਾ ਹੀ ਆਪਣੀ ਵਿਲੱਖਣਤਾ ਕਾਇਮ ਰੱਖੀ ਹੈ ਅਤੇ ਅੱਜ ਪਿੰ੍ਸੀਪਲ ਅਨੁਰਾਗ ਭੱਲਾ ਦੀ ਅਗਵਾਈ ਵਿਚ ਬੱਚਿਆਂ ਨੇ ਮੈਰਿਟ ਸੂਚੀ ਵਿਚ ਆਪਣੇ ਨਾਂ ਦਰਜ ਕਰਵਾ ਕੇ ਸੁਨਹਿਰੀ ਇਤਿਹਾਸ ਰੱਚਿਆ ਹੈ। ਸਰਪੰਚ ਤੇਜਵਿੰਦਰ ਸਿੰਘ ਉਰਫ ਸਾਹਬੀ ਖੈੜਾ ਨੇ ਕਿਹਾ ਕਿ ਪੰਜਾਬ ਦੀ ਮੈਰਿਟ ਸੂਚੀ ਵਿਚ ਆਪਣਾ ਨਾਂ ਦਰਜ ਕਰਵਾਉਣ ਵਾਲੀਆਂ ਵਿਦਿਆਰਥਣਾਂ ਨੇ ਸਾਬਿਤ ਕੀਤਾ ਹੈ ਕਿ ਜਦੋਂ ਵੀ ਧੀਆਂ ਨੂੰ ਮੌਕੇ ਮਿਲਦੇ ਹਨ ਤਾਂ ਉਹ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਕੇ ਸਾਬਿਤ ਕਰਦੀਆਂ ਹਨ ਕਿ ਉਹ ਲਾਡਲੇ ਪੁੱਤਰਾਂ ਤੋਂ ਬਹੁਤ ਅੱਗੇ ਹਨ। ਉਨ੍ਹਾਂ ਕਿਹਾ ਕਿ ਕਿ ਸਕੂਲ ਦੀ ਪਰੰਪਰਾ ਅਨੁਸਾਰ ਅਕਾਦਮਿਕ ਖੇਤਰ ਵਿਚ ਮੱਲਾਂ ਮਾਰਨ ਵਾਲੀਆਂ ਧੀਆਂ ਨੂੰ ਮਾਤਾ ਨਸੀਬ ਕੌਰ ਖੈੜਾ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ, ਜਿਸ ਵਿਚ ਸਮਿ੍ਤੀ ਚਿੰਨ੍ਹ ਤੋਂ ਇਲਾਵਾ 1100-1100 ਦਾ ਨਕਦ ਇਨਾਮ ਅਤੇ ਫੀਸ ਵੀ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਅਦਾ ਕੀਤੀ ਜਾਵੇਗੀ।

------

ਨਿਸ਼ਾ ਜਿੰਨਾਂ ਚਾਹੇਗੀ ਪੜ੍ਹਾਂਵਾਂਗੇ : ਜਸਵਿੰਦਰ

ਜ਼ਿਲ੍ਹੇ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਨਿਸ਼ਾ ਰਾਣੀ ਦੇ ਮਜ਼ਦੂਰ ਪਿਤਾ ਜਸਵਿੰਦਰ ਸਿੰਘ ਅਤੇ ਮਾਤਾ ਨਿਰਮਲਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੀ ਆਗਿਆਕਾਰੀ ਧੀ ਨੇ ਬੋਰਡ ਦੀ ਮੈਰਿਟ ਸੂਚੀ ਵਿਚ ਆਪਣਾ ਨਾਂ ਦਰਜ ਕਰਵਾ ਕੇ ਜੋ ਸਾਨੂੰ ਮਾਣ ਦਿਵਾਇਆ ਹੈ, ਸਾਡੀ ਬੱਚੀ ਜਿੱਥੋਂ ਤਕ ਵੀ ਪੜ੍ਹਨਾ ਚਾਹੇਗੀ, ਅਸੀਂ ਪੜ੍ਹਾਵਾਂਗੇ।

0---------

ਧੀ ਬਣਨਾ ਚਾਹੁੰਦੀ ਹੈ ਡਾਕਟਰ : ਹਰਜਿੰਦਰ ਕੌਰ

ਵਿਦਿਆਰਥਣ ਸ਼ੁਭਰੀਤ ਕੌਰ ਦੀ ਮਾਤਾ ਹਰਜਿੰਦਰ ਕੌਰ ਅਤੇ ਕਿਸਾਨ ਪਿਤਾ ਰਾਜਵੀਰ ਸਿੰਘ ਨੇ ਦੱਸਿਆ ਕਿ ਧੀ ਮੈਡੀਕਲ ਖੇਤਰ ਵਿਚ ਜਾਣਾ ਚਾਹੁੰਦੀ ਹੈ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੈੜਾ ਦੋਨਾ ਦੇ ਸਮੂਹ ਸਟਾਫ ਨੇ ਧੀ ਦੇ ਸੁਪਨੇ ਸਕਾਰ ਕਰਨ ਲਈ ਜੋ ਜ਼ਮੀਨ ਤਿਆਰ ਕੀਤੀ ਹੈ, ਦੇ ਅਸੀਂ ਰਿਣੀ ਰਹਾਂਗੇ।

--------------

ਨਿੱਜੀ ਸਕੂਲਾਂ ਨਾਲੋਂ ਸਰਕਾਰੀ ਸਕੂਲ ਚੰਗੇ : ਓਮਾਨ ਮੋਦਗਿੱਲ

ਵਿਦਿਆਰਥਣ ਟੀਨਾ ਸ਼ਰਮਾ ਦੇ ਬਸ ਡਰਾਈਵਰ ਪਿਤਾ ਓਮਾਨ ਕੁਮਾਰ ਮੋਦਗਿੱਲ ਨੇ ਦੱਸਿਆ ਕਿ ਮੇਰੀਆਂ ਚਾਰ ਧੀਆਂ ਹਨ, ਜੋਂ ਪਹਿਲਾਂ ਅਸੀਂ ਨਿੱਜੀ ਸਕੂਲ ਵਿਚ ਪੜ੍ਹਾਉਂਦੇ ਸੀ ਪਰ ਸਾਡੇ ਚਾਚਾ ਰੌਸ਼ਨ ਖੈੜਾ ਸਟੇਟ ਐਵਾਰਡੀ ਵਲੋਂ ਪੇ੍ਰਿਤ ਕਰਨ ਉਪਰੰਤ ਅਸੀਂ ਆਪਣੀਆਂ ਧੀਆਂ ਨੂੰ ਇਸੇ ਸੰਸਥਾ ਵਿਚ ਪੜ੍ਹਾਇਆ ਅਤੇ ਪੜ੍ਹਾ ਵੀ ਰਹੇ ਹਾਂ। ਅੱਜ ਟੀਨਾ ਨੇ ਸਾਬਿਤ ਕੀਤਾ ਹੈ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਨਿੱਜੀ ਸਕੂਲਾਂ ਨਾਲੋਂ ਬਿਹਤਰ ਹੈ।