ਨਡਾਲਾ : ਪੰਜਾਬ 'ਚ ਸਵਾਈਨ ਫਲੂ ਨਾਲ ਮੌਤਾਂ ਦਾ ਸਿਲਸਿਲਾ ਜਾਰੀ ਹੈ। ਸ਼ੁੱਕਰਵਾਰ ਨੂੰ ਇਸ ਨਾਲ ਤਿੰਨ ਮੌਤਾਂ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਖੰਨਾ ਇਲਾਕੇ 'ਚ ਸਵਾਈਨ ਫਲੂ ਨਾਲ ਪਤੀ-ਪਤਨੀ ਦੀ ਮੌਤ ਹੋ ਗਈ।

ਖੰਨਾ ਦੇ ਵਾਰਡ ਨੰਬਰ 25 'ਚ ਰਹਿੰਦੇ ਜਸਵਿੰਦਰ ਸਿੰਘ ਨੂੰ ਇਕ ਡਾਕਟਰ ਨੂੰ ਦਿਖਾਉਣ ਤੋਂ ਬਾਅਦ ਸਵਾਈਨ ਫਲੂ ਦਾ ਸ਼ੱਕ ਹੋਣ ਕਾਰਨ ਚੰਡੀਗੜ ਦੇ 32 ਸੈਕਟਰ ਦੇ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਵੀਰਵਾਰ ਦੀ ਰਾਤ ਉਸ ਦੀ ਮੌਤ ਹੋ ਗਈ। ਇਸ ਮਗਰੋਂ ਸ਼ੁੱਕਰਵਾਰ ਨੂੰ ਉਸ ਸਮੇਂ ਪਰਿਵਾਰ ਦਾ ਗ਼ਮ ਦੁੱਗਣਾ ਹੋ ਗਿਆ ਜਦੋਂ ਜਸਵਿੰਦਰ ਸਿੰਘ ਦੇ ਅੰਤਿਮ ਸਸਕਾਰ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਉਸ ਦੀ ਪਤਨੀ ਜਸਵਿੰਦਰ ਕੌਰ ਨੇ ਵੀ ਦਮ ਤੋੜ ਦਿੱਤਾ। ਜਸਵਿੰਦਰ ਕੌਰ ਵੀ ਕੁੱਝ ਦਿਨ ਤੋਂ ਬੀਮਾਰ ਦੱਸੀ ਜਾ ਰਹੀ ਸੀ।

ਪਤੀ-ਪਤਨੀ ਦੀ ਮੌਤ ਦੀ ਸਵਾਈਨ ਫਲੂ ਦੇ ਨਾਲ ਹੋਈ ਹੋਣ ਦੀ ਅਧਿਕਾਰਿਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ। ਐੱਸਐੱਮਓ ਡਾ. ਰਾਜਿੰਦਰ ਗੁਲਾਟੀ ਨੇ ਕਿਹਾ ਕਿ ਜਸਵਿੰਦਰ ਸਿੰਘ ਦੀ ਮੌਤ ਤਾਂ ਸਵਾਈਨ ਫਲੂ ਨਾਲ ਹੋਣ ਦਾ ਸ਼ੱਕ ਹੈ ਪਰ ਉਨ੍ਹਾਂ ਦੀ ਪਤਨੀ ਦੀ ਮੌਤ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਲੱਗ ਸਕਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਖੰਨਾ ਇਲਾਕੇ 'ਚ ਇੰਦਰਜੀਤ ਕੌਰ ਤੇ ਨਸਰਾਲੀ ਪਿੰਡ ਦੇ ਵਿਅਕਤੀ ਅਵਤਾਰ ਸਿੰਘ ਦੀ ਸਵਾਈਨ ਫਲੂ ਨਾਲ ਜਾਨ ਜਾ ਚੁੱਕੀ ਹੈ।

ਓਧਰ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਨਡਾਲਾ ਵਿਚ ਸਵਾਈਨ ਫਲੂ ਨਾਲ ਭੱਠੇ 'ਤੇ ਕੰਮ ਕਰਦੇ ਮਜ਼ਦੂਰ ਦੀ ਮੌਤ ਹੋ ਗਈ। ਇਸ ਸਬੰਧੀ ਪਿੰਡ ਨਿਹਾਲਗੜ੍ਹ ਨੇੜੇ ਬੱਲ ਭੱਠੇ 'ਤੇ ਕੰਮ ਕਰਦੇ ਮਜ਼ਦੂਰ ਛੋਟੇ ਲਾਲ ਨੇ ਦੱਸਿਆ ਕਿ ਉਹ ਪਿੰਡ ਮੁਰਲੀ ਛੱਤੀਸਗੜ੍ਹ ਦੇ ਰਹਿਣ ਵਾਲੇ ਹਨ। ਇਸੇ ਭੱਠੇ 'ਤੇ ਮੁਨਸ਼ੀ ਵਜੋ ਕੰਮ ਕਰਦੇ ਉਸ ਦੇ ਭਰਾ ਡਕਾਲੂ ਚੌਹਾਨ ਦੀ ਅਚਾਨਕ ਸਿਹਤ ਖ਼ਰਾਬ ਹੋ ਗਈ।ਤੇਜ਼ ਬੁਖਾਰ ਤੇ ਖਾਂਸੀ ਹੋਣ ਕਾਰਨ ਉਸ ਦਾ ਇਲਾਕੇ 'ਚੋਂ ਕਾਫੀ ਇਲਾਜ ਕਰਵਾਇਆ। ਸਿਹਤ ਵਿਚ ਸੁਧਾਰ ਨਾ ਹੁੰਦਾ ਵੇਖ ਕੇ 25 ਜਨਵਰੀ ਨੂੰ ਲੁਧਿਆਣਾ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਦੂਸਰੀ ਮੌਤ ਪਿੰਡ ਪੰਡੋਰੀ ਰਾਈਆਂ ਵਾਸੀ ਵਿਆਹੁਤਾ ਲੜਕੀ ਰਾਜਨਜੀਤ ਕੌਰ (23) ਪਤਨੀ ਮਾਨ ਸਿੰਘ ਦੀ ਹੋਈ। ਇਸ ਸਬੰਧੀ ਮਾਨ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੀ ਪਤਨੀ ਪਿਛਲੇ ਕੁਝ ਦਿਨਾਂ ਤੋਂ ਖਾਂਸੀ ਬੁਖਾਰ ਨਾਲ ਪੀੜਤ ਸੀ। 2 ਫਰਵਰੀ ਨੂੰ ਉਸ ਨੂੰ ਭੁਲੱਥ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਪਰ ਹਾਲਤ ਨਾਰਮਲ ਨਹੀਂ ਹੋਈ । ਜਲੰਧਰ ਦੇ ਹਸਪਤਾਲ 'ਚ ਇਲਾਜ ਦੌਰਾਨ ਹੀ ਰਾਜਨਜੀਤ ਕੌਰ ਦੀ ਮੌਤ ਹੋ ਗਈ। ਇਸ ਤਰ੍ਹਾਂ ਕੁਝ ਦਿਨ ਪਹਿਲਾਂ ਨੇੜਲੇ ਪਿੰਡ ਘੱਗ ਵਾਸੀ ਅੌਰਤ ਹਰਪ੍ਰੀਤ ਕੌਰ ਦੀ ਸਵਾਈਨ ਫਲੂ ਨਾਲ ਮੌਤ ਹੋ ਚੁੱਕੀ ਹੈ।