ਬਲਵਿੰਦਰ ਪ੍ਰਵਾਸੀ, ਿਢਲਵਾਂ : ਪੁਲਿਸ ਨੇ ਚੋਰੀ ਦੀ ਕਣਕ ਸਮੇਤ 4 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਿਢਲਵਾਂ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਹਰਜਿੰਦਰ ਕੌਰ ਪਤਨੀ ਗੁਰਮੁਖ ਸਿੰਘ ਵਾਸੀ ਜਾਤੀਕੇ ਨੇ ਿਢਲਵਾਂ ਪੁਲਿਸ ਦੇ ਏ ਐਸ ਆਈ ਪਰਮਜੀਤ ਕੁਮਾਰ ਨੂੰ ਬਿਆਨ ਦਰਜ ਕਰਵਾਇਆ ਕਿ ਮਿਤੀ 13 ਤੇ 14 ਦੀ ਦਰਮਿਆਨੀ ਰਾਤ ਨੂੰ ਉਸ ਦੀ ਹਵੇਲੀ 'ਚ ਬਣੇ ਕਮਰੇ ਦਾ ਤਾਲਾ ਤੋੜ ਕੇ ਕੋਈ ਨਾ ਮਲੂਮ ਵਿਅਕਤੀ ਕਮਰੇ ਵਿੱਚੋਂ 2 ਬੋਰੇ ਕਣਕ ਦੇ 50-50 ਕਿੱਲੋ ਦੇ ਤੇ ਲੋਹੇ ਦੇ ਡਰੱਮ ਵਿੱਚੋਂ ਕਰੀਬ 10 ਕੁਇੰਟਲ ਕਣਕ ਚੋਰੀ ਕਰਕੇ ਲੈ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਹਰਜਿੰਦਰ ਕੌਰ ਆਪਣੇ ਤੌਰ 'ਤੇ ਨਾ ਮਲੂਮ ਵਿਅਕਤੀਆਂ ਦੀ ਭਾਲ ਕਰਦੀ ਰਹੀ। ਉਸਨੂੰ ਹੂਣ ਪਤਾ ਲੱਗਾ ਕਿ ਉਸਦੀ ਇਹ ਸਾਰੀ ਕਣਕ ਹਰਮਨਦੀਪ ਸਿੰਘ ਉਰਫ਼ ਗੋਰਾ ਪੁੱਤਰ ਜਸਬੀਰ ਸਿੰਘ ਉਰਫ਼ ਧੰਨਾ ਵਾਸੀ ਜਾਤੀਕੇ, ਗੁਰਵਿੰਦਰ ਸਿੰਘ ਉਰਫ ਪਨੌਰੀ ਪੁੱਤਰ ਅਰਜਨ ਸਿੰਘ ਉਰਫ਼ ਮਾੜਾ ਵਾਸੀ ਭੂਲੋਵਾਲ ਅਤੇ ਸੁਖਵਿੰਦਰ ਸਿੰਘ ਉਰਫ਼ ਲਾਡੀ ਪੁੱਤਰ ਮਹਿੰਦਰ ਸਿੰਘ ਵਾਸੀ ਭੂਲੋਵਾਲ ਨੇ ਰਲ ਕੇ ਚੋਰੀ ਕੀਤੀ, ਜਿਸ 'ਤੇ ਏਐੱਆਈ ਪਰਮਜੀਤ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਮੰਡ ਸੰਗੋਜਲਾ ਟੀ ਪੁਆਇੰਟ ਮੁਖਬਰ ਖਾਸ ਦੀ ਇਤਲਾਹ 'ਤੇ ਤਿੰਨ ਮੋਨੇ ਨੌਜਵਾਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਪੁਲਸ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕਰਦਿਆਂ ਮੋਟਰ ਸਾਇਕਲ ਤੋਂ ਤਿੰਨੇ ਡਿੱਗ ਪਏ ਜਿਸ ਉਤੇ ਉਨ੍ਹਾਂ ਨੇ ਕਣਕ ਦਾ ਤੋੜਾ ਵੀ ਰੱਖਿਆ ਹੋਇਆ ਸੀ। ਪੁਲਿਸ ਨੇ ਮੌਕੇ ਤਿੰਨਾਂ ਨੂੰ ਕਣਕ ਦੇ ਤੋੜੇ ਸਮੇਤ ਕਾਬੂ ਕੀਤਾ ਤੇ ਜਿਨਾਂ ਦੀ ਨਿਸ਼ਾਨਦੇਹੀ 'ਤੇ ਕੁੱਲ ਡੇਢ ਕੁਇੰਟਲ ਕਣਕ ਬਰਾਮਦ ਕੀਤੀ। ਪੁੱਛਗਿਛ ਦੌਰਾਨ ਤੰਨਾਂ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ ਵੱਖ ਵੱਖ ਘਰਾਂ ਵਿੱਚੋਂ 10 ਕੁਇੰਟਲ ਕਣਕ ਚੋਰੀ ਕੀਤੀ ਹੈ ਤੇ ਚੋਰੀ ਕੀਤੀ ਕਣਕ ਸੱਤਪਾਲ ਉਰਫ਼ ਸੱਤੀ ਪੁੱਤਰ ਅਮਰਨਾਥ ਵਾਸੀ ਸੰਗੋਜਲਾ ਨੂੰ ਵੇਚਦੇ ਰਹੇ ਹਨ। ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਸੱਤਪਾਲ ਦੁਕਾਨਦਾਰ ਪਾਸੋਂ 50 ਕਿੱਲੋ ਕਣਕ ਬਰਾਮਦ ਕੀਤੀ ਗਈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਚਾਰਾਂ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।