ਪੱਤਰ ਪ੍ਰਰੇਰਕ, ਨਡਾਲਾ : ਥਾਣਾ ਭੁਲੱਥ ਦੇ ਪਿੰਡ ਡਾਲਾ ਦੇ ਐਲੀਮੈਂਟਰੀ ਸਕੂਲ ਵਿਚ ਕਰੀਬ ਦੋ ਸਾਲਾ ਵਿਚ 16ਵੀਂ ਵਾਰ ਚੋਰੀ ਹੋ ਚੁੱਕੀ ਹੈ ਪਰੰਤੂ ਪੁਲਿਸ ਇਕ ਵੀ ਚੋਰੀ ਦਾ ਕੇਸ ਹੱਲ ਨਹੀਂ ਕਰ ਸਕੀ। ਸਕੂਲ ਮੁੱਖੀ ਜਾਰਜ ਮਸੀਹ ਨੇ ਦੱਸਿਆ ਕਿ ਚੋਰਾਂ ਨੇ ਲੰਘੀ ਰਾਤ ਰਸੋਈ ਦੇ ਤਾਲੇ ਤੋੜ ਕੇ ਮਿਡ ਡੇ ਮੀਲ ਦੀ 50 ਕਿਲੋ ਕਣਕ, 40 ਕਿਲੋ ਚਾਵਲ ਤੇ ਦੋ ਸਿਲੰਡਰ ਲੈ ਗਏ। ਘਟਨਾ ਦਾ ਸਵੇਰੇ ਸਕੂਲ ਖੁੱਲ੍ਹਣ 'ਤੇ ਪਤਾ ਲੱਗਾ। ਇਸ ਸਬੰਧੀ ਸਰਪੰਚ ਮੋਹਣ ਸਿੰਘ ਡਾਲਾ ਮੌਕੇ 'ਤੇ ਪੁੱਜੇ ਅਤੇ ਭੁਲੱਥ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਸਕੂਲ ਲਗਾਤਾਰ ਚੋਰਾਂ ਦੇ ਨਿਸ਼ਾਨੇ 'ਤੇ ਹੈ। ਪਿੰਡ ਤੋਂ ਕਾਫੀ ਦੂਰੀ 'ਤੇ ਚੌਕੀਦਾਰ ਦਾ ਨਾ ਹੋਣਾ ਵੀ ਚੋਰੀਆਂ ਦਾ ਕਾਰਨ ਬਣ ਰਿਹਾ ਹੈ। ਇਸ ਸਬੰਧੀ ਭੁਲੱਥ ਪੁਲਿਸ ਮੌਕੇ 'ਤੇ ਆਈ ਅਤੇ ਖਾਨਾਪੂਰਤੀ ਕਰ ਕੇ ਚਲੀ ਗਈ।