ਅਮਨਜੋਤ ਵਾਲੀਆ, ਕਪੂਰਥਲਾ : ਕਪੂਰਥਲਾ ਦਾ ਸਿਵਲ ਹਸਪਤਾਲ ਵਿਚ ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ ਵਿਚ ਰਹਿੰਦਾ ਹੈ। ਆਏ ਦਿਨ ਸਿਵਲ ਹਸਪਤਾਲ ਵਿਚ ਚੋਰੀ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਸਿਵਲ ਹਸਪਤਾਲ ਵਿਚ ਚਾਹੇ ਮਰੀਜ਼ ਪਰਚੀ ਕਟਾਉਣ ਵਾਸਤੇ ਜਾਂ ਬਲੱਡ ਟੈਸਟ ਕਰਵਾਉਣ ਵਾਸਤੇ, ਸਕੈਨਿੰਗ ਕਰਵਾਉਣ ਵਾਸਤੇ ਜਾਂ ਓਪੀਡੀ ਵਿਚ ਲਾਈਨਾਂ ਵਿਚ ਖੜੇ੍ਹ ਹੁੰਦੇ ਹਨ ਤਾਂ ਕਿਸੇ ਨਾ ਕਿਸੇ ਮਰੀਜ਼ ਦਾ ਕੋਈ ਨਾ ਕੋਈ ਸਾਮਾਨ ਚੋਰੀ ਜ਼ਰੂਰ ਹੋ ਜਾਂਦਾ ਹੈ। ਇਸ ਦੀ ਤਾਜ਼ਾ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਉਥੇ ਇਲਾਜ਼ ਕਰਵਾਉਣ ਆਏ ਮਰੀਜ਼ਾਂ ਦਾ ਸਾਮਾਨ, ਮੋਬਾਈਲ ਅਤੇ ਪੈਸੇ ਚੋਰੀ ਹੋ ਗਏ। ਸਿਵਲ ਹਸਪਤਾਲ 'ਚ ਇਲਾਜ਼ ਕਰਵਾਉਣ ਆਏ ਮਰੀਜ਼ ਜਸਮੀਤ ਕੌਰ, ਅਮਰ ਕੌਰ, ਗੁਰਪ੍ਰੀਤ ਸਿੰਘ, ਹਰੀ ਰਾਮ ਆਦਿ ਨੇ ਦੱਸਿਆ ਕਿ ਉਹ ਆਪਣਾ ਇਲਾਜ਼ ਕਰਵਾਉਣ ਲਈ ਸਿਵਲ ਹਸਪਤਾਲ ਵਿਚ ਦਾਖਲ ਹਨ। ਬੀਤੀ ਰਾਤ ਉਨ੍ਹਾਂ ਦੇ ਵਾਰਡ ਵਿਚੋਂ ਕੋਈ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਮੋਬਾਈਲ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਿਆ, ਜਦੋਂ ਉਨ੍ਹਾਂ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਪੁੱਿਛਆ ਤਾਂ ਕਿਸੇ ਨੂੰ ਕੁਝ ਨਹੀ ਪਤਾ। ਮਰੀਜ਼ਾਂ ਨੇ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਤਾਰਾ ਸਿੰਘ ਅਤੇ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੂੰ ਮੰਗ ਕੀਤੀ ਹੈ ਕਿ ਸਿਵਲ ਹਸਪਤਾਲ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।