ਅਮਨਜੋਤ ਸਿੰਘ ਵਾਲੀਆ, ਕਪੂਰਥਲਾ : ਕਪੂਰਥਲਾ 'ਚ ਚੋਰਾਂ ਦੇ ਹੌਂਸਲੇ ਕਾਫੀ ਬੁਲੰਦ ਹੋ ਚੁੱਕੇ। ਇਥੋਂ ਤਕ ਕਿ ਚੋਰਾਂ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚੋਂ ਆਕਸੀਜਨ ਸਪਲਾਈ ਕਰਨ ਵਾਲੀਆਂ ਪਾਈਆਂ ਤਕ ਵੀ ਨਹੀਂ ਬਖਸ਼ੀਆਂ। ਇਸ ਤੋਂ ਇਲਾਵਾ ਚੋਰਾਂ ਵੱਲੋਂ ਬਾਥਰੂਮ ਦੇ ਵਿਚੋਂ ਵਾਸ਼ਬੇਸਨ ਤੇ ਟੂਟੀਆਂ ਵੀ ਚੋਰੀ ਕਰ ਲਈਆਂ ਗਈਆਂ। ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਮਰੀਜ਼ਾਂ ਨੂੰ ਆਕਸੀਜਨ ਪਹੁੰਚਾਉਣ ਵਾਲੀਆਂ ਪਾਈਆਂ ਨੂੰ ਚੋਰਾਂ ਵੱਲੋਂ ਬੀਤੀ ਸ਼ਾਮ ਕੱਟ ਕੇ ਚੋਰੀ ਕਰ ਲਿਆ ਗਿਆ। ਇਸ ਤੋਂ ਬਾਅਦ ਚੋਰਾਂ ਵੱਲੋਂ ਐਮਰਜੈਂਸੀ ਵਾਰਡ ਦੇ ਬਾਥਰੂਮ ਦਾ ਵਾਸ਼ਬੇਸ਼ਨ ਅਤੇ ਉੱਥੇ ਲੱਗੀਆਂ ਲਗਪਗ 5-6 ਸਟੀਲ ਦੀਆਂ ਟੂਟੀਆਂ ਚੋਰੀ ਕਰ ਲਈਆਂ ਗਈਆ। ਇਸ ਸਬੰਧੀ ਜਦੋਂ ਐਮਰਜੈਂਸੀ ਡਿਊਟੀ ਡਾਕਟਰ ਡਾ. ਬੈਂਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਿਵਲ ਹਸਪਤਾਲ ਵਿਚ ਸਕਿਓਰਿਟੀ ਗਾਰਡ ਨਾ ਹੋਣ ਕਾਰਨ ਚੋਰਾਂ ਦੇ ਹੌਂਸਲੇ ਵਧੇ ਹੋਏ ਹਨ। ਉਨ੍ਹਾਂ ਦੱਸਿਆ ਕਿ ਮਾਮਲਾ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਅਤੇ ਐੱਸਐੱਮਓ ਡਾ. ਤਾਰਾ ਸਿੰਘ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ। ਜਦੋਂ ਇਸ ਸਬੰਧੀ ਐਸਐਮਓ ਡਾ. ਤਾਰਾ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਣਕਾਰੀ ਮਿਲ ਗਈ ਹੈ ਅਤੇ ਪੂਰੀ ਘਟਨਾ ਸਬੰਧੀ ਥਾਣਾ ਸਿਟੀ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾਵੇਗੀ ਅਤੇ ਐਮਰਜੈਂਸੀ ਵਿਚ ਲੱਗੇ ਕੈਮਰਿਆਂ ਦੀ ਜਾਂਚ ਕਰ ਕੇ ਚੋਰਾਂ ਦੀ ਸ਼ਨਾਖ਼ਤ ਕੀਤੀ ਜਾਵੇਗੀ।