ਹਰਮੇਸ਼ ਸਰੋਆ, ਫਗਵਾੜਾ : ਫਗਵਾੜਾ ਹੁਸ਼ਿਆਰਪੁਰ ਰੋਡ 'ਤੇ ਬੀਤੀ ਰਾਤ ਚੋਰਾਂ ਵੱਲੋਂ ਇਲੈਕਟਿ੍ਕ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ। । ਦੁਕਾਨ ਮਾਲਕ ਵੱਲੋਂ ਚੋਰੀ ਦੀ ਵਾਰਦਾਤ ਸਬੰਧੀ ਥਾਣਾ ਸਿਟੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਚੋਰੀ ਦੀ ਵਾਰਦਾਤ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਮਲਕੀਤ ਸਿੰਘ ਨੇ ਦੱਸਿਆ ਕਿ ਫਗਵਾੜਾ ਹੁਸ਼ਿਆਰਪੁਰ ਰੋਡ 'ਤੇ ਭੋਰਾ ਇਲੈਕਟਿ੍ਕ ਸਟੋਰ ਦੇ ਨਾਂ 'ਤੇ ਉਨ੍ਹਾਂ ਦੀ ਦੁਕਾਨ ਹੈ। ਜਿਥੇ ਉਹ ਕੂਲਰਾਂ, ਪੱਖਿਆਂ, ਟੁੱਲੂ ਪੰਪ ਦੀਆਂ ਪੁਰਾਣੀਆਂ ਮੋਟਰਾਂ ਅਤੇ ਹੋਰ ਬਿਜਲੀ ਦੇ ਕੰਮ ਦੀ ਰਿਪੇਅਰ ਕਰਨ ਦਾ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ ਗਾਹਕਾਂ ਦੀਆਂ ਠੀਕ ਕਰਨ ਲਈ ਆਈਆਂ ਹੋਈਆਂ ਮੋਟਰਾਂ, ਕਰੀਬ 8 ਕਿਲੋ ਤਾਂਬਾ ਅਤੇ ਗੱਲੇ 'ਚ ਪਏ ਕਰੀਬ 600 ਰੁਪਏ ਚੋਰੀ ਕਰ ਫਰਾਰ ਹੋ ਗਏ। ਦੁਕਾਨ ਮਾਲਕ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਕਰੀਬ 40 ਤੋਂ 50 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ। ਮੌਕੇ 'ਤੇ ਪਹੁੰਚੇ ਥਾਣਾ ਸਿਟੀ ਦੇ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਵੱਲੋਂ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।