ਸੁਖਪਾਲ ਸਿੰਘ ਹੁੰਦਲ, ਕਪੂਰਥਲਾ : 'ਜ਼ਿਲਾ ਪੁਲਿਸ ਵੱਲੋਂ ਆਪਣੇ ਨਿੱਜੀ ਸਵਾਰਥਾਂ ਅਤੇ ਦਬਾਅ ਦੇ ਚਲਦੇ ਮੇਰੀ ਧੀ ਡਾ. ਨਵਜੋਤ ਕੌਰ ਚੀਮਾ ਅਤੇ ਮੇਰੇ 'ਤੇ ਜੋ ਮੁਕੱਦਮਾ ਨੰ. 124 ਮਿਤੀ 23 ਮਈ 2023 ਨੂੰ ਦਰਜ ਕੀਤਾ ਗਿਆ ਹੈ, ਉਹ ਬਿਲਕੁਲ ਬੇਬੁਨਿਆਦ ਹੈ। ਉਸ ਦੀ ਧੀ ਕੈਨੇਡੀਅਨ ਸਿਟੀਜ਼ਨ ਹੈ ਤੇ ਪਿਛਲੇ 5 ਸਾਲਾਂ ਤੋਂ ਇੰਡੀਆ ਵਿਚ ਨਹੀਂ ਆਈ।' ਇਹ ਪ੍ਰਗਟਾਵਾ ਪੱਤਰਕਾਰ ਦਲੇਰ ਸਿੰਘ ਚੀਮਾ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਿਰਪੱਖ ਜਾਂਚ ਕਰਨ ਦੀ ਬਿਜਾਏ ਉਸ ਵੱਲੋਂ ਪੇਸ਼ ਕੀਤੇ ਗਏ ਤੱਥਾਂ ਤੇ ਸਬੂਤਾਂ ਨੂੰ ਅੱਖੋਂ ਪਰੋਖੇ ਕਰਦੇ ਹੋਏ ਇਕਤਰਫਾ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਕ ਦਰਖਾਸਤ ਨੰਬਰ 986 ਐੱਸ.ਪੀ.ਸੀ 26-6-2022 ਨੂੰ ਵਿਰੋਧੀ ਧਿਰ ਦੇ ਖ਼ਿਲਾਫ਼ ਦਿੱਤੀ ਗਈ ਸੀ, ਜਿਸ ਨੂੰ ਪੁਲਿਸ ਵੱਲੋਂ 20 ਅਗਸਤ 2022 ਨੂੰ ਦਾਖਲ ਦਫ਼ਤਰ ਕਰ ਦਿੱਤਾ ਗਿਆ, ਜਦਕਿ ਉਸ ਦੀ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਦਾਜ ਲੈਣ ਦੀ ਗੱਲ ਤਫਤੀਸ਼ ਦੌਰਾਨ ਮੰਨੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਇਕ ਦਰਖਾਸਤ ਨੰ. 26410 ਮਿਤੀ 4-9-2022 ਨੂੰ ਆਈਜੀ ਜਲੰਧਰ ਦਫਤਰ ਨੂੰ ਦਿੱਤੀ ਗਈ, ਜਿਸ ਦੀ ਜਾਂਚ ਐੱਸਪੀ (ਡੀ) ਕਪੂਰਥਲਾ ਵੱਲੋਂ ਕੀਤੀ ਗਈ ਤੇ ਉਨ੍ਹਾਂ ਵੱਲੋਂ ਦਿੱਤੀ ਗਈ ਪਹਿਲੀ ਦਰਖਾਸਤ ਨੂੰ ਝੂਠੀ ਦੱਸਦੇ ਹੋਏ ਦਾਖਲ ਦਫਤਰ ਕਰ ਦਿੱਤਾ ਗਿਆ। ਦਲੇਰ ਸਿੰਘ ਨੇ ਕਿਹਾ ਕਿ 20 ਜਨਵਰੀ ਨੂੰ ਮੀਟਿੰਗ ਨਿਸ਼ਚਿਤ ਕੀਤੀ ਗਈ ਸੀ ਪਰ ਉਸ ਤੋਂ ਪਹਿਲਾਂ ਉਨ੍ਹਾਂ ਵਿਰੁੱਧ ਦੂਜੀ ਧਿਰ ਕੋਲੋਂ ਝੂਠੀ ਸ਼ਿਕਾਇਤ ਲਈ ਗਈ, ਜਿਸ 'ਤੇ ਕਾਰਵਾਈ ਕਰਦਿਆਂ ਉਸ ਨੂੰ ਤੇ ਅਦਾਲਤ ਵਿਚ ਪੇਸ਼ ਕੀਤੇ ਜਾਣ ਵਾਲੇ ਗਵਾਹਾਂ ਨੂੰ ਡਰਾਉਣ ਲਈ ਵੱਖ ਵੱਖ ਤਰੀਕਾਂ ਨੂੰ ਪੇਸ਼ ਹੋਣ ਲਈ ਸੰਮਣ ਭੇਜੇ ਗਏ। ਉਸ ਵੱਲੋਂ 20 ਜਨਵਰੀ ਨੂੰ ਮਿਥੀ ਤਰੀਕ 'ਤੇ ਪੇਸ਼ ਹੋਣ ਲਈ ਸਹਿਮਤੀ ਦਿੱਤੀ ਗਈ ਤੇ ਸ਼ਿਕਾਇਤ ਦੀ ਕਾਪੀ ਦੀ ਮੰਗ ਜਵਾਬ ਦੇਣ ਲਈ ਵਾਰ ਵਾਰ ਕੀਤੀ ਗਈ, ਜੋ ਕਿ ਨਹੀਂ ਦਿੱਤੀ ਗਈ। ਅਦਾਲਤ ਵਿਚ ਕੇਸ ਚਲਦਾ ਹੋਣ ਦੇ ਬਾਵਜੂਦ ਵੀ ਪੁਲਿਸ ਜਬਰਦਸਤੀ ਤਲਾਕ ਕਰਵਾਉਣਾ ਚਾਹੁੰਦੀ ਸੀ, ਜੋ ਕਿ ਕਾਨੂੰਨ ਅਨੁਸਾਰ ਗ਼ਲਤ ਹੈ। ਪੁਲਿਸ ਵੱਲੋਂ 20 ਮਈ ਨੂੰ ਉਸ ਨੂੰ ਸੱਦ ਕੇ ਤਲਾਕ ਨਾ ਦੇਣ ਸੂਰਤ ਵਿਚ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ ਗਈ ਸੀ। ਦਲੇਰ ਸਿੰਘ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ 'ਤੇ ਝੂਠੇ ਦਰਜ ਹੋਏ ਕੇਸ ਦੀ ਇਮਾਨਦਾਰ ਅਧਿਕਾਰੀ ਕੋਲੋਂ ਨਿਰਪੱਖ ਜਾਂਚ ਕਰਵਾਈ ਜਾਵੇ, ਨਹੀਂ ਤਾਂ ਉਨ੍ਹਾਂ ਨੂੰ ਇਨਸਾਫ ਲਈ ਮਾਣਯੋਗ ਹਾਈਕੋਰਟ ਵਿਚ ਜਾਣ ਲਈ ਮਜਬੂਰ ਹੋਣਾ ਪਵੇਗਾ।
ਮੇਰੀ ਧੀ ਤੇ ਮੇਰੇ ਖ਼ਿਲਾਫ਼ ਪੁਲਿਸ ਵੱਲੋਂ ਦਰਜ ਮੁਕੱਦਮਾ ਬੇਬੁਨਿਆਦ : ਚੀਮਾ
Publish Date:Fri, 26 May 2023 10:04 PM (IST)
