ਮੰਡਾਲਾ ਛੰਨਾ ਵਿਖੇ ਨਵੀਂ ਨੋਚ ਲਗਾਉਣ ਦਾ ਮਸਲਾ ਹੋਇਆ ਹੱਲ
ਮੰਡਾਲਾ ਛੰਨਾ ਵਿਖੇ ਨਵੀਂ ਨੋਚ ਲਗਾਉਣ ਦਾ ਮਸਲਾ ਹੋਇਆ ਹੱਲ
Publish Date: Tue, 09 Jun 2026 08:57 PM (IST)
Updated Date: Tue, 09 Jun 2026 08:59 PM (IST)

ਸੰਤ ਸੀਚੇਵਾਲ ਵੱਲੋਂ ਕਿਸਾਨ ਗੁਰਮੁੱਖ ਸਿੰਘ ਦਾ ਧੰਨਵਾਦ 18 ਕਰੋੜ ਦੀ ਲਾਗਤ ਨਾਲ ਡਰੇਨੇਜ ਵਿਭਾਗ ਨੇ ਬੰਨ੍ਹ ਕੀਤਾ ਮਜ਼ਬੂਤ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਿੰਡ ਮੰਡਾਲਾ ਛੰਨਾ ਵਿਖੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੀ ਸੁਰੱਖਿਆ ਲਈ ਨਵੀਂ ਨੋਚ ਲਗਾਉਣ ਦਾ ਲੰਬੇ ਸਮੇਂ ਤੋਂ ਚੱਲ ਰਿਹਾ ਮਸਲਾ ਹੱਲ ਹੋ ਗਿਆ ਹੈ। ਕਿਸਾਨ ਗੁਰਮੁੱਖ ਸਿੰਘ ਨੇ ਦਲੇਰੀ ਤੇ ਲੋਕ ਹਿੱਤ ਨੂੰ ਪਹਿਲ ਦਿੰਦਿਆਂ ਆਪਣੀ ਜ਼ਮੀਨ ਵਿਚ ਨੋਚ ਲਗਾਉਣ ਲਈ ਸਹਿਮਤੀ ਦਿੱਤੀ, ਜਿਸ ਤੋਂ ਬਾਅਦ ਡਰੇਨੇਜ ਤੇ ਮਾਲ ਵਿਭਾਗ ਤੁਰੰਤ ਸਰਗਰਮ ਹੋ ਗਏ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਪਹਿਲਕਦਮੀ ਤੇ ਯਤਨਾਂ ਸਦਕਾ ਇਸ ਮਸਲੇ ਦਾ ਹੱਲ ਸੰਭਵ ਹੋ ਸਕਿਆ। ਸੰਤ ਸੀਚੇਵਾਲ ਨੇ ਸ਼ਾਹਕੋਟ ਦੇ ਤਹਿਸੀਲਦਾਰ ਜਸਪਾਲ ਸਿੰਘ, ਡਰੇਨੇਜ ਵਿਭਾਗ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੌਕੇ ਦਾ ਦੌਰਾ ਕਰਕੇ ਜ਼ਮੀਨ ਦੀ ਮਿਣਤੀ ਕਰਵਾਈ। ਇਸ ਦੇ ਨਾਲ ਹੀ ਡਰੇਨੇਜ ਵਿਭਾਗ ਵੱਲੋਂ ਸਰਵੇ ਕਰਕੇ ਪ੍ਰੋਜੈਕਟ ਦਾ ਅਨੁਮਾਨਿਤ ਖ਼ਰਚਾ ਤਿਆਰ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਸੰਤ ਸੀਚੇਵਾਲ ਨੇ ਕਿਸਾਨ ਗੁਰਮੁੱਖ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵੱਡੇ ਯੋਗਦਾਨ ਨਾਲ ਇਲਾਕੇ ਨੂੰ ਭਵਿੱਖ ਵਿਚ ਆਉਣ ਵਾਲੇ ਹੜ੍ਹਾਂ ਦੇ ਖ਼ਤਰੇ ਤੋਂ ਵੱਡੀ ਰਾਹਤ ਮਿਲੇਗੀ। ਇਸ ਵਾਰ ਪੰਜਾਬ ਸਰਕਾਰ ਵੱਲੋਂ ਡਰੇਨਜ਼ ਵਿਭਾਗ ਦੀ ਮਿਹਨਤ ਸਦਕਾ ਤਕਰੀਬਨ 18 ਕਰੋੜ ਰੁਪਏ ਦੀ ਲਾਗਤ ਨਾਲ ਪੱਥਰ ਲਗਾ ਕੇ ਬੰਨ ਨੂੰ ਮਜ਼ਬੂਤ ਕੀਤਾ ਗਿਆ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪਿਛਲੇ ਸਾਲ ਇਸ ਇਲਾਕੇ ਵਿਚ ਦਰਿਆ ਦੇ ਕਿਨਾਰੇ ਵੱਡੀ ਢਾਅ ਲੱਗੀ ਸੀ ਤੇ ਬੰਨ੍ਹ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਦਰਿਆ ਦੇ ਪਾਣੀ ਨੂੰ ਬੰਨ ਤੋਂ ਦੂਰ ਰੱਖਣ ਲਈ ਨੋਚਾਂ ਲਗਾਉਣੀਆਂ ਬਹੁਤ ਜ਼ਰੂਰੀ ਸਨ, ਪਰ ਇਸ ਲਈ ਲੋੜੀਂਦੀ ਜ਼ਮੀਨ ਦੀ ਪ੍ਰਾਪਤੀ ਵਿਚ ਰੁਕਾਵਟ ਆ ਰਹੀ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਤੇ ਪੰਚਾਇਤਾਂ ਦੇ ਸਹਿਯੋਗ ਨਾਲ ਇਹ ਮਸਲਾ ਸੁਲਝਾਇਆ ਗਿਆ ਹੈ। ਕਿਸਾਨ ਗੁਰਮੁੱਖ ਸਿੰਘ ਨੇ ਇਲਾਕੇ ਦੀ ਭਲਾਈ ਨੂੰ ਪਹਿਲ ਦਿੰਦਿਆਂ ਨੋਚਾਂ ਲਗਾਉਣ ਲਈ ਆਪਣੀ ਜ਼ਮੀਨ ਦੇਣ ਦਾ ਫੈਸਲਾ ਕੀਤਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਗੁਰਮੁੱਖ ਸਿੰਘ ਦੀ ਪਹਿਲਾਂ ਹੀ 18 ਏਕੜ ਜ਼ਮੀਨ ਦਰਿਆ ਦੀ ਢਾਹ ਲੱਗਣ ਕਾਰਨ ਦਰਿਆ ਬੁਰਦ ਹੋ ਚੁੱਕੀ ਹੈ, ਫਿਰ ਵੀ ਉਨ੍ਹਾਂ ਨੇ ਵੱਡੇ ਦਿਲ ਦਾ ਪ੍ਰਗਟਾਵਾ ਕਰਦਿਆਂ ਲੋਕ ਹਿੱਤ ਵਿਚ ਇਹ ਕਦਮ ਚੁੱਕਿਆ ਹੈ। ਉਨ੍ਹਾਂ ਤਹਿਸੀਲਦਾਰ, ਡਰੇਨਜ਼ ਵਿਭਾਗ ਦੇ ਅਧਿਕਾਰੀਆਂ, ਇਲਾਕੇ ਦੇ ਸਰਪੰਚਾਂ ਤੇ ਸੰਗਤਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਮਾਮਲੇ ਨੂੰ ਸਿਰੇ ਚੜ੍ਹਾਉਣ ਵਿਚ ਅਹਿਮ ਭੂਮਿਕਾ ਨਿਭਾਈ। ਸੰਤ ਸੀਚੇਵਾਲ ਨੇ ਪ੍ਰਸ਼ਾਸ਼ਨ ਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹੜ੍ਹ ਆਉਣ ਤੋਂ ਬਾਅਦ ਰਾਹਤ ਕਾਰਜ ਕਰਨ ਨਾਲੋਂ ਪਹਿਲਾਂ ਹੀ ਬਚਾਅ ਦੇ ਉਪਰਾਲੇ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਬਾਅਦ ਵਿਚ ਪ੍ਰਸ਼ਾਦਾ ਨਾ ਵੰਡਣਾ ਪਏ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਡਰੇਨਜ਼ ਵਿਭਾਗ ਵੱਲੋਂ ਦਰਿਆ ਨੂੰ ਸਾਫ ਕਰਨ ਦੀ ਪ੍ਰਕਿਰਿਆ ਜਾਰੀ ਹੈ ਤੇ ਸਰਕਾਰ ਨੇ 30 ਜੂਨ ਤੱਕ ਲੋਕਾਂ ਨੂੰ ਉਥੋਂ ਮਿੱਟੀ ਕੱਢਣ ਦੀ ਆਗਿਆ ਦਿੱਤੀ ਹੈ ਤਾਂ ਜੋ ਪਾਣੀ ਦੇ ਬਹਾਅ ਵਿਚ ਕੋਈ ਰੁਕਾਵਟ ਨਾ ਆਵੇ। ਇਸ ਮੌਕੇ ਡਰੇਨਜ਼ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਸਰਵੇ ਦਾ ਸਾਰਾ ਕੰਮ ਪੂਰਾ ਹੋ ਚੁੱਕਾ ਹੈ ਤੇ ਪ੍ਰੋਜੈਕਟ ਮਨਜ਼ੂਰੀ ਲਈ ਅੱਗੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਪੂਰੀ ਕੋਸ਼ਿਸ਼ ਹੈ ਕਿ ਬਰਸਾਤਾਂ ਤੋਂ ਪਹਿਲਾਂ ਨੋਚਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇ ਤਾਂ ਜੋ ਬੰਨ ਨੂੰ ਮਜ਼ਬੂਤ ਕਰਕੇ ਇਲਾਕੇ ਨੂੰ ਹੜ੍ਹਾਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ।