ਸੁਖਪਾਲ ਸਿੰਘ ਹੁੰਦਲ, ਕਪੂਰਥਲਾ : 7 ਮਈ ਨੂੰ ਵੱਡੀ ਮਾਤਰਾ 'ਚ ਵਿਦੇਸ਼ੀ ਹਥਿਆਰਾਂ ਨਾਲ ਪਿੰਡ ਕਮਾਲਪੁਰ ਮੋਠਾਂਵਾਲ ਤੋਂ ਫੜੇ ਗਏ ਪਾਕਿਸਤਾਨ ਨਾਲ ਜੁੜੇ ਗੈਂਗਸਟਰ ਬਲਜਿੰਦਰ ਸਿੰਘ ਬਿੱਲਾ ਮੰਡਿਆਲਾ ਨਾਲ ਫੜੇ ਗਏ ਸੁਲਤਾਨਪੁਰ ਲੋਧੀ ਦੇ ਚਾਰ ਨੌਜਵਾਨ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਕਈ ਵਾਰ ਸਿਆਸੀ ਮੰਚਾਂ 'ਤੇ ਦੇਖੇ ਜਾਂਦੇ ਰਹੇ ਹਨ। ਇਹ ਨੌਜਵਾਨ ਕਈ ਵਾਰ ਚੀਮਾ ਦੇ ਕਾਫਲੇ ਵਿਚ ਵੀ ਸ਼ਾਮਲ ਰਹੇ ਅਤੇ ਯੂਥ ਕਾਂਗਰਸ ਦੇ ਅਹੁਦੇਦਾਰ ਵੀ ਹਨ। ਇਨ੍ਹਾਂ ਵਿਚ ਕੁਝ ਤਾਂ ਯੂਥ ਕਾਂਗਰਸ ਦੇ ਬਕਾਇਦਾ ਅਹੁਦੇਦਾਰ ਵੀ ਹਨ। ਜਿਨ੍ਹਾਂ ਦੀ ਚੀਮਾ ਨਾਲ ਕਈ ਵਾਰ ਫੋਟੋ ਵੀ ਸਾਹਮਣੇ ਆਈ ਹੈ। ਸੀਨੀਅਰ ਅਕਾਲੀ ਆਗੂ ਸੱਜਣ ਸਿੰਘ ਚੀਮਾ ਨੇ ਚਾਰ ਨੌਜਵਾਨਾਂ ਦੇ ਨਾਲ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਖਡੂਰ ਸਾਹਿਬ ਤੋਂ ਲੋਕ ਸਭਾ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਨਾਲ ਉਨ੍ਹਾਂ ਦੀਆਂ ਤਸਵੀਰਾਂ ਪੇਸ਼ ਕਰਦੇ ਹੋਏ ਨਵਤੇਜ ਸਿੰਘ ਚੀਮਾ ਦੀਆਂ ਮੁਸ਼ਕਿਲਾਂ ਵਧਾ ਦਿੱਤੀਅਾਂ ਹੈ। ਜਿਸ ਨਾਲ ਪੰਜਾਬ ਦੀ ਸਿਆਸਤ 'ਚ ਹਿਲ-ਜੁਲ ਸ਼ੁਰੂ ਹੋ ਗਈ ਹੈ।ਜਿਸ ਨਾਲ ਵਿਧਾਇਕ ਚੀਮਾ ਦੀਆਂ ਮੁਸ਼ਕਿਲਾਂ ਵੀ ਵੱਧ ਸਕਦੀਆਂ ਹਨ। ਸੀਨੀਅਰ ਅਕਾਲੀ ਆਗੂ ਸੱਜਣ ਸਿੰਘ ਨੇ ਕਿਹਾ ਕਿ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਚੋਣਾਂ ਸਮੇਂ ਪਿੰਡ ਭਰੋਆਣਾ ਵਾਸੀ ਮਨਿੰਦਰ ਸਿੰਘ ਢਿੱਲੋਂ ਨੇ ਖੂਬ ਪ੍ਰਚਾਰ ਕੀਤਾ ਤੇ ਇਹ ਯੂਥ ਕਾਂਗਰਸ ਦਾ ਅਹੁਦੇਦਾਰ ਵੀ ਹੈ ਅਤੇ ਵਿਧਾਇਕ ਦਾ ਕਰੀਬੀ ਵੀ। ਬਾਕੀ ਨੌਜਵਾਨ ਇਸ ਦੇ ਨਾਲ ਹਮੇਸ਼ਾ ਰਹਿੰਦੇ ਹਨ। ਪੰਜਾਬ ਪੁਲਿਸ ਦੀ ਟੀਮ ਨੇ ਛਾਪੇਮਾਰੀ ਕਰਕੇ ਜਿਸ ਲਵਪ੍ਰੀਤ ਸਿੰਘ ਵਾਸੀ ਮੋਠਾਂਵਾਲ ਦੇ ਘਰ ਤੋਂ ਇਨ੍ਹਾਂ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ, ਉਹ ਵੀ ਕਾਂਗਰਸੀ ਵਰਕਰ ਹਨ ਅਤੇ ਮਨਿੰਦਰ ਦੇ ਨਾਲ ਹੀ ਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੋਹਿਤ ਸ਼ਰਮਾ ਵਾਸੀ ਅਰੋੜਾ ਰਸਤਾ ਸੁਲਤਾਨਪੁਰ ਲੋਧੀ ਅਤੇ ਮੰਗਲ ਸਿੰਘ ਵਾਸੀ ਪਿੰਡ ਸਰੂਪਵਾਲ ਵੀ ਮਨਿੰਦਰ ਸਿੰਘ ਨਾਲ ਦਿਖਾਈ ਦਿੰਦੇ ਰਹੇ ਹਨ। ਅਕਾਲੀ ਆਗੂ ਨੇ ਦਾਅਵਾ ਕੀਤਾ ਕਿ ਮਨਿੰਦਰ ਸਿੰਘ ਉਰਫ ਹੈਪੀ ਯੂਥ ਕਾਂਗਰਸ ਦਾ ਜ਼ਿਲ੍ਹਾ ਸਕੱਤਰ ਹੈ। ਬਾਕੀ ਵੀ ਯੂਥ ਕਾਂਗਰਸ ਨਾਲ ਜੁੜੇ ਹੋਏ ਹਨ। ਜਿਨ੍ਹਾਂ ਦੀ ਗਵਾਹੀ ਵਿਧਾਇਕ ਚੀਮਾ ਨਾਲ ਇਨ੍ਹਾਂ ਨੌਜਵਾਨਾਂ ਦੀਆਂ ਤਸਵੀਰਾਂ ਭਰ ਰਹੀਆਂ ਹਨ। ਉਨ੍ਹਾਂ ਨੇ ਇਸ ਅੰਤਰਰਾਸ਼ਟਰੀ ਮਾਮਲੇ ਦੀ ਜਾਂਚ ਸੀਬੀਆਈ ਦੇ ਕਿਸੇ ਇਮਾਨਦਾਰ ਤੇ ਨਿਰਪੱਖ ਅਧਿਕਾਰੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਜਿਸ ਨਾਲ ਇਸ ਪੂਰੇ ਮਾਮਲੇ ਤੋਂ ਪਰਦਾ ਉਠ ਸਕੇ। ਇਸ ਮਾਮਲੇ ਸਬੰਧੀ ਜਦੋਂ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਈ ਅਕਾਲੀ ਆਗੂਆਂ ਦੀਆਂ ਫੋਟੋਆਂ ਨਸ਼ਾ ਤਸਕਰਾਂ ਨਾਲ ਮੀਡੀਆਂ ਨੂੰ ਦਿਖਾਉਂਦੇ ਹੋਏ ਕਿਹਾ ਕਿ ਜਦੋਂ ਕੋਈ ਵੀ ਵਿਧਾਇਕ ਜਾਂ ਮੰਤਰੀ ਆਪਣੇ ਹਲਕੇ ਵਿਚ ਵਿਕਾਸ ਕੰਮਾਂ ਵਿਚ ਜਾਇਜ਼ਾ ਲੈਣ ਜਾਂ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਜਾਂਦਾ ਹੈ ਤਾਂ ਲੋਕ ਫੋਟੋਆਂ ਖਿਚਵਾਉਂਦੇ ਹਨ। ਚੀਮਾ ਨੇ ਕਿਹਾ ਕਿ ਜਦੋਂ ਸੈਂਕੜੇ ਹੀ ਵਰਕਰ ਫੋਟੋਆਂ ਖਿਚਵਾਉਂਦੇ ਹਨ ਤਾਂ ਇਹ ਪਤਾ ਨਹੀਂ ਕਿ ਉਹ ਕੀ ਕੰਮ ਕਰਦਾ ਹੈ ਅਤੇ ਕੀ ਕੰਮ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਆਗੂ ਫੌਕੀ ਸ਼ੋਹਰਤ ਲਈ ਇਸ ਤਰ੍ਹਾਂ ਦੀਆਂ ਸਾਜਿਸ਼ਾਂ ਰੱਚਦੇ ਹਨ।

Posted By: Susheel Khanna