ਹਰਮੇਸ਼ ਸਰੋਆ, ਫਗਵਾੜਾ

ਅੱਜ ਲੋਕ ਇਨਸਾਫ਼ ਪਾਰਟੀ ਵੱਲੋਂ ਪਾਰਟੀ ਦੇ ਐੱਸਸੀ ਵਿੰਗ ਦੇ ਸੂਬਾ ਪ੍ਰਧਾਨ ਤੇ ਦੋਆਬਾ ਜ਼ੋਨ ਦੇ ਇੰਚਾਰਜ ਜਰਨੈਲ ਨੰਗਲ ਦੀ ਅਗਵਾਈ ਵਿਚ ਇਕ ਵਿਸ਼ਾਲ ਰੋਸ ਮਾਰਚ ਸਥਾਨਕ ਰੈਸਟ ਹਾਊਸ ਤੋਂ ਐੱਸਡੀਐੱਮ ਦਫ਼ਤਰ ਫਗਵਾੜਾ ਤਕ ਕੱਿਢਆ ਗਿਆ। ਇਸ ਮੌਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੁਤਲਾ ਐੱਸਡੀਐੱਮ ਫਗਵਾੜਾ ਨੂੰ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਦੇ ਨਾਮ ਇਕ ਮੰਗ ਪੱਤਰ ਦਿੱਤਾ ਗਿਆ। ਪ੍ਰਰੈੱਸ ਨੂੰ ਸੰਬੋਧਨ ਕਰਦੇ ਹੋਏ ਜਰਨੈਲ ਨੰਗਲ ਨੇ ਦੱਸਿਆ ਕਿ ਪੰਜਾਬ ਦੇ ਮਾਣਮੱਤੇ ਇਤਿਹਾਸ ਨਾਲ ਸਿੱਖਿਆ ਵਿਭਾਗ ਵੱਲੋਂ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਦਾ ਰਾਜਨੀਤੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੀ 16 ਸਤੰਬਰ ਨੂੰ ਸੱਤਵੀਂ ਕਲਾਸ ਦੇ ਨਾਗਰਿਕ ਸ਼ਾਸਤਰ ਵਿਸ਼ੇ ਦੇ ਪੇਪਰ ਵਿਚ ਇਕ ਸਵਾਲ ਆਇਆ ਸੀ ਕਿ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਲਈ ਨੌਕਰੀਆਂ ਵਿਚ ਕੁਝ ਸੀਟਾਂ ਰੱਖੀਆਂ ਜਾਂਦੀਆਂ ਹਨ ਉਨ੍ਹਾਂ ਨੂੰ ਕੀ ਆਖਦੇ ਹਨ? ਇਸ ਸਵਾਲ ਦੇ ਜਵਾਬ ਵਿਚ ਸਿੱਖਿਆ ਵਿਭਾਗ ਵੱਲੋਂ ਚਾਰ ਵਿਕਲਪ ਦਿੱਤੇ ਗਏ ਜਿਨ੍ਹਾਂ ਵਿਚ ਨੰਬਰ ਇਕ ਬਖ਼ਸ਼ਿਸ਼, ਨੰਬਰ ਦੋ ਰਾਖਵਾਂਕਰਨ, ਨੰਬਰ ਤਿੰਨ ਦਾਨ ਤੇ ਨੰਬਰ ਚਾਰ ਤੋਹਫ਼ਾ ਦਿੱਤੇ ਗਏ। ਜਿਸ ਨਾਲ ਸਿੱਧਾ-ਸਿੱਧਾ ਗ਼ਰੀਬ ਲੋਕਾਂ ਦਾ ਮਜ਼ਾਕ ਉਡਾ ਕੇ ਬੇਇੱਜ਼ਤ ਕਰਨ ਦੀ ਸਾਜ਼ਿਸ਼ ਹੈ। ਜਦਕਿ ਭਲਾਈ ਸਕੀਮਾਂ ਸਰਕਾਰ ਦੀ ਨੀਤੀ ਦਾ ਹਿੱਸਾ ਹਨ ਉਸ ਨੂੰ ਬਖ਼ਸ਼ਿਸ ਜਾਂ ਭੀਖ ਕਹਿਣਾ ਸਰਾਸਰ ਗ਼ਲਤ ਹੈ। ਨਾਲ ਹੀ ਨੰਗਲ ਨੇ ਦੱਸਿਆ ਕਿ 17 ਸਤੰਬਰ ਨੂੰ 12ਵੀਂ ਦਾ ਇਤਿਹਾਸ ਵਿਸ਼ੇ ਦਾ ਪੇਪਰ ਜਿਸ ਵਿਚ ਇਕ ਸਵਾਲ ਆਇਆ ਕਿ ਸ੍ਰੀ ਗੁਰੂ ਹਰ ਰਾਇ ਨੇ ਇਨ੍ਹਾਂ ਦੇ ਵਡੇਰਿਆਂ ਨੂੰ ਆਸ਼ੀਰਵਾਦ ਦਿੱਤਾ ਸੀ ਉਸ ਦੇ ਜਵਾਬ ਵਿਚ ਵੀ ਚਾਰ ਵਿਕਲਪ ਦਿੱਤੇ ਗਏ ਜਿਨ੍ਹਾਂ ਵਿਚ ਨੰਬਰ ਇਕ ਬੀਬੀ ਰਜਿੰਦਰ ਕੌਰ ਭੱਠਲ ਨੰਬਰ, ਦੋ ਰਾਣਾ ਗੁਰਜੀਤ ਸਿੰਘ, ਨੰਬਰ ਤਿੰਨ ਕੈਪਟਨ ਅਮਰਿੰਦਰ ਸਿੰਘ ਤੇ ਨੰਬਰ ਚਾਰ ਕੋਈ ਨਹੀਂ। ਇਹ ਸਿੱਖਿਆ ਦਾ ਸਿੱਧਾ ਸਿੱਧਾ ਰਾਜਨੀਤੀਕਰਨ ਹੈ। ਸ੍ਰੀ ਗੁਰੂ ਹਰ ਰਾਇ ਜੀ ਨੇ ਤਾਂ ਸਮੁੱਚੀ ਮਨੁੱਖਤਾ ਨੂੰ ਆਸ਼ੀਰਵਾਦ ਦਿੱਤਾ ਪਰ ਇਹ ਲੋਕ ਗੁਰੂ ਮਹਾਰਾਜ ਜੀ ਦਾ ਨਾਮ ਵਰਤ ਕੇ ਸਿੱਖਿਆ ਦਾ ਰਾਜਨੀਤੀਕਰਨ ਕਰ ਰਹੇ ਹਨ ਜੋ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਈ ਅੱਜ ਅਸੀਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੁਤਲਾ ਫੂਕ ਸਰਕਾਰ ਪਾਸੋਂ ਉਹਦੀ ਬਰਖ਼ਾਸਤਗੀ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਇਹ ਵੀ ਮੰਗ ਕੀਤੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਪੂਰਾ ਸਿਲੇਬਸ ਦੁਬਾਰਾ ਚੈੱਕ ਕੀਤਾ ਜਾਵੇ ਕਿਤੇ ਕ੍ਰਿਸ਼ਨ ਕੁਮਾਰ ਵੱਲੋਂ ਸਾਡੇ ਇਤਿਹਾਸ ਨੂੰ ਤਰੋੜ ਮਰੋੜ ਕੇ ਖ਼ਤਮ ਕਰਨ ਦੀ ਕੋਈ ਹੋਰ ਚਾਲ ਨਾ ਚੱਲੀ ਹੋਵੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਸੁਖਦੇਵ ਚੌਕੜੀਆ, ਬਲਰਾਜ ਬਾਊ, ਵਿਜੇ ਪੰਡੋਰੀ, ਬਲਵੀਰ ਠਾਕੁਰ, ਜਤਿੰਦਰ ਮੋਹਨ ਡੁਮੇਲੀ, ਲਲਿਤ ਮਦਾਨ, ਡਾ. ਪਰਮਜੀਤ ਦੁੱਗਾਂ, ਡਾ. ਰਮੇਸ਼ ਕੁਮਾਰ, ਸਮਰ ਗੁਪਤਾ, ਰਾਜ ਕੁਮਾਰ, ਪਵਨ ਕੁਮਾਰ, ਚਰਨਜੀਤ ਭਾਟੀਆ, ਮਨੂ ਬਾਂਗਾ, ਸਿਰਾਜ ਅਲੀ, ਅਵਤਾਰ ਸਿੰਘ ਗੰਢਵਾਂ, ਸ਼ਮੀ ਬੰਗੜ, ਜੱਸੀ ਗੰਢਵਾਂ, ਸ਼ਾਮ ਸੁੰਦਰ, ਸ਼ਸ਼ੀ ਬੰਗੜ, ਜਗਜੀਵਨ ਡਮੇਲੀ, ਬਲਵੀਰ ਕਾਂਸ਼ੀਨਗਰ, ਰੌਣਕੀ ਰਾਮ, ਸੰਧੂ ਨੰਗਲ ਕਾਲੋਨੀ, ਬਲਵਿੰਦਰ ਰਾਮ ਤੇ ਸੈਂਕੜਿਆਂ ਦੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।