ਰੌਸ਼ਨ ਖੈੜਾ, ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਵੱਲੋਂ ਚਿੱਤਰਾਂ ਅਤੇ ਸੁੰਦਰ ਲਿਖਾਈ ਨਮੂਨਿਆਂ ਰਾਹੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਅਪਣਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ, ਜੋ ਲੋਕਾਂ ਦੀ ਖਿੱਚ ਦੇ ਕੇਂਦਰ ਬਣੇ ਹੋਏ ਹਨ। ਪੰਜਾਬ ਸਮਾਲ ਸਕੇਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀਐੱਸਆਈਈਸੀ) ਵੱਲੋਂ ਸੁਲਤਾਨਪੁਰ ਲੋਧੀ ਵਿਖੇ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਨੇੜੇ ਪ੍ਰਦਰਸ਼ਨੀ ਲਾਈ ਗਈ ਹੈ, ਜਿਸ ਵਿਚ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਚਿੱਤਰਾਂ ਅਤੇ ਸੁੰਦਰ ਲਿਖਾਈ ਨਮੂਨਿਆਂ ਦੀ ਪ੍ਰਦਰਸ਼ਨੀ ਲਾਈ ਗਈ ਹੈ।

ਪ੍ਰਦਰਸ਼ਨੀ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਪੁਰ ਜ਼ਿਲ੍ਹਾ ਬਰਨਾਲਾ ਦੇ ਗਿਆਰਵੀਂ ਜਮਾਤ ਦੇ ਵਿਦਿਆਰਥੀ ਹਰਪ੍ਰਰੀਤ ਸਿੰਘ ਵੱਲੋਂ ਜਿਥੇ ਆਪਣੀ ਸੁੰਦਰ ਲਿਖਾਈ ਰਾਹੀਂ ਜਪੁਜੀ ਸਾਹਿਬ ਦੀ ਮਹਾਨਤਾ ਨੂੰ ਬਿਆਨ ਕੀਤਾ ਗਿਆ ਹੈ, ਉਥੇ ਸਰਕਾਰੀ ਹਾਈ ਸਕੂਲ ਮੌੜਾਂ ਜ਼ਿਲ੍ਹਾ ਬਰਨਾਲਾ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਕੁਲਦੀਪ ਸਿੰਘ ਨੇ ਗੁਰੂ ਸਾਹਿਬ ਵੱਲੋਂ ਸਮਾਜਿਕ ਬੁਰਾਈਆਂ ਖ਼ਿਲਾਫ ਬੁਲੰਦ ਕੀਤੀ ਆਵਾਜ਼ ਨੂੰ ਆਪਣੀ ਕਲਮ ਰਾਹੀਂ ਉਭਾਰਿਆ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਦੱਸਿਆ ਕਿ ਰਾਜ ਪੱਧਰ 'ਤੇ ਕਰਵਾਏ ਗਏ ਸਹਿ-ਅਕਾਦਮਿਕ ਵਿੱਦਿਅਕ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਵੱਲੋਂ ਬਣਾਏ ਗਏ ਚਿੱਤਰਾਂ ਤੇ ਸੁੰਦਰ ਲਿਖਾਈ ਨਮੂਨਿਆਂ ਦੀ ਇਹ ਪ੍ਰਦਰਸ਼ਨੀ 12 ਨਵੰਬਰ ਤਕ ਚੱਲੇਗੀ।