ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਨਗਰ ਨਿਗਮ ਦਾ ਰੂਪ ਧਾਰਨ ਕਰ ਚੁੱਕੇ ਵਿਰਾਸਤੀ ਸ਼ਹਿਰ ਕਪੂਰਥਲਾ ਦੀ ਹੁਣ ਨਵੇਂ ਸਿਰਿਓ ਹਦਬੰਦੀ ਹੋਵੇਗੀ। ਜਿਸ ਵਿਚ ਪਿੰਡ ਕਾਦੂਪੁਰ, ਵਡਾਲਾ, ਖੀਰਾਂਵਾਲੀ ਤੇ ਬਰਿੰਦਪੁਰ ਆਦਿ ਪਿੰਡ ਵੀ ਆ ਸਕਦੇ ਹਨ। ਫਿਲਹਾਲ ਇਸ ਬਾਰੇ ਵਿਚਾਰ ਚਰਚਾ ਚੱਲ ਰਹੀ ਹੈ। ਅਸਲ ਤਸਵੀਰ ਨਗਰ ਨਿਗਮ ਕਪੂਰਥਲਾ ਦੇ ਨਿਯੁਕਤ ਪਹਿਲੇ ਕਮਿਸ਼ਨਰ ਰਾਹੁਲ ਚਾਬਾ ਦੇ ਸੋਮਵਾਰ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਹੀ ਸਾਫ ਹੋਵੇਗੀ। ਪਰ ਇਹ ਤੈਅ ਹੈ ਕਿ ਨਗਰ ਕੌਂਸਲ ਦੇ 29 ਵਾਰਡਾਂ 'ਚੋਂ ਘੱਟ ਤੋਂ ਘੱਟ 21 ਨਵੇਂ ਵਾਰਡ ਜੁੜਨਗੇ ਤੇ ਨਗਰ ਨਿਗਮ ਕਪੂਰਥਲਾ ਦੀ ਪਰਿਸੀਮਨ ਦਾ ਕੰਮ ਜਲਦ ਸ਼ੁਰੂ ਹੋਵੇਗਾ। ਉਸ ਤੋਂ ਬਾਅਦ ਨਵੇਂ ਸਿਰੇ ਤੋਂ ਚੋਣ ਪ੍ਰਰੀਕਿਰਿਆ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਵੱਖ-ਵੱਖ ਰਾਜਨੀਤਿਕ ਦਲਾਂ ਦੇ ਅਨੇਕ ਨੇਤਾਵਾਂ ਦੀ ਕਿਸਮਤ ਦੇ ਬੂਹੇ ਵੀ ਖੁੱਲ੍ਹ ਜਾਣਗੇ। ਕਈਆਂ ਨੇ ਟਿਕਟ ਹਾਸਲ ਕਰਨ ਅਤੇ ਚੋਣ ਲੜਨ ਲਈ ਹੁਣ ਤੋਂ ਹੀ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ। ਵਿਰਾਸਤੀ ਸ਼ਹਿਰ ਦੀ ਲੱਗਭਗ ਇਕ ਲੱਖ ਤੋਂ ਜ਼ਿਆਦਾ ਆਬਾਦੀ ਹੈ। ਇਸ ਸਮੇਂ ਇਸ ਦੇ 29 ਵਾਰਡ ਹਨ ਤੇ ਨਵੀਂ ਹੱਦਬੰਦੀ ਤੋਂ ਬਾਅਦ ਵਾਰਡ ਵੱਧ ਕੇ ਲੱਗਭਗ 50 ਹੋ ਜਾਣਗੇ। ਜਿਸ ਨਾਲ ਵਾਰਡਾਂ ਵਿਚ ਵੋਟਰਾਂ ਦੀ ਗਿਣਤੀ ਘੱਟ ਹੋ ਜਾਵੇਗੀ ਤੇ ਛੋਟੇ ਵਾਰਡਾਂ ਦੇ ਵਿਕਾਸ 'ਚ ਤੇਜੀ ਆਵੇਗੀ। ਵਾਰਡ ਦਾ ਖੇਤਰ ਘੱਟ ਹੋ ਜਾਵੇਗਾ ਤੇ ਉਸ ਖੇਤਰ ਦਾ ਕੌਂਸਲਰ ਆਪਣੇ ਵਾਰਡ ਦੇ ਵਿਕਾਸ ਵੱਲ ਆਸਾਨੀ ਨਾਲ ਧਿਆਨ ਦੇ ਸਕੇਗਾ। ਵਾਰਡ ਵੱਧਣ ਨਾਲ ਵੱਖ-ਵੱਖ ਰਾਜਨੀਤਿਕ ਦਲਾਂ ਦੇ ਨੇਤਾਵਾਂ ਦੇ ਕੌਂਸਲਰ ਬਣਨ ਦੀ ਹਸਰਤ ਵੀ ਪੂਰੀ ਹੋਵੇਗੀ। ਇਸ ਸਮੇਂ ਅਨੇਕ ਵਾਰਡਾਂ ਦੇ ਮੁਹੱਲੇ ਸੀਵਰੇਜ਼, ਸਟਰੀਟ ਲਾਈਟਾਂ ਤੇ ਵਾਟਰ ਸਪਲਾਈ ਦੀ ਸਮੱਸਿਆਂ ਤੋਂ ਜੂਝ ਰਹੇ ਹਨ। ਸਟਾਫ ਦੀ ਕਮੀ ਦੇ ਚੱਲਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਜਲਦ ਹਲ ਨਹੀਂ ਹੋ ਪਾਉਂਦਾ, ਪਰ ਕੌਂਸਲ ਦੇ ਨਗਰ ਨਿਗਮ ਬਣਨ 'ਤੇ ਅਫ਼ਸਰਾਂ ਦੀ ਟੀਮ ਵੀ ਵਧੇਗੀ। ਕਾਰਜਕਾਰੀ ਅਧਿਕਾਰੀ ਦੀ ਜਗ੍ਹਾ ਕਮਿਸ਼ਨਰ ਲੈਣਗੇ ਤੇ ਉਨ੍ਹਾਂ ਦੀਆਂ ਆਰਥਿਕ ਸ਼ਕਤੀਆਂ ਵੀ ਵੱਧ ਜਾਣਗੀਆਂ। ਨਗਰ ਨਿਗਮ ਦੇ ਮੌਜੂਦਾ ਕਾਰਜਕਾਰੀ ਅਧਿਕਾਰੀ ਆਦਰਸ਼ ਕੁਮਾਰ ਦਾ ਕਹਿਣਾ ਹੈ ਕਿ ਸਰਕਾਰ ਨੇ ਕਮਿਸ਼ਨਰ ਦੇ ਤੌਰ 'ਤੇ ਏਡੀਸੀ ਜਨਰਲ ਰਾਹੁਲ ਚਾਬਾ ਨੂੰ ਨਿਗਮ ਦਾ ਕਮਿਸ਼ਨਰ ਨਿਯੁਕਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਆਉਂਦੇ ਹੀ ਨਗਰ ਨਿਗਮ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਨਵੇਂ ਸਿਰਿਓਂ ਵਾਰਡਬੰਦੀ ਦਾ ਕੰਮ ਸ਼ੁਰੂ ਹੋ ਜਾਵੇਗਾ। ਜਿਸ ਤੋਂ ਬਾਅਦ ਵਾਰਡਾਂ ਦੀ ਗਿਣਤੀ ਲੱਗਭਗ 50 ਹੋ ਜਾਵੇਗੀ। ਇਸ ਸਬੰਧੀ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਨਗਰ ਨਿਗਮ ਬਣਨ ਨਾਲ ਕਪੂਰਥਲਾ ਵਾਸੀਆਂ ਦੀ ਕਿਸਮਤ ਦੇ ਬੂਹੇ ਵੀ ਖੁੱਲ੍ਹ ਜਾਣਗੇ। ਵਿਰਾਸਤੀ ਸ਼ਹਿਰ ਦਾ ਵੱਡੇ ਪੱਧਰ 'ਤੇ ਵਿਕਾਸ ਹੋਵੇਗਾ ਅਤੇ ਹਰ ਗਲੀ, ਮੁਹੱਲਿਆਂ ਨੂੰ ਤਮਾਮ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਨਿਗਮ ਦੀਆਂ ਸੀਮਾਵਾਂ ਵੀ ਵੱਧ ਜਾਣਗੀਆਂ। ਜਿਸ ਵਿਚ ਕਈ ਪਿੰਡਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਜਿਸ ਨਾਲ ਕਪੂਰਥਲਾ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਵਿਕਾਸ ਦਾ ਨਵਾਂ ਯੁੱਗ ਸ਼ੁਰੂ ਹੋਵੇਗਾ। ਬਜਟ ਵੱਧ ਕੇ ਦੋ ਗੁਣਾ ਤੋਂ ਤਿੰਨ ਗੁਣਾ ਹੋ ਜਾਵੇਗਾ। ਸਟਾਫ ਵੀ ਲੱਗਭਗ ਦੋਗੁਣਾ ਹੋ ਜਾਵੇਗਾ। ਲੋਕਾਂ ਦੇ ਕੰਮਾਂ ਵਿਚ ਤੇਜੀ ਆਵੇਗੀ। ਇਸ ਸਬੰਧੀ ਨਗਰ ਨਿਗਮ ਕਪੂਰਥਲਾ ਦੇ ਨਵ-ਨਿਯੁਕਤ ਕਮਿਸ਼ਨਰ ਅਤੇ ਏਡੀਸੀ ਜਨਰਲ ਰਾਹੁਲ ਚਾਬਾ ਨੇ ਕਿਹਾ ਕਿ ਉਹ ਅਜੇ ਇਸ ਸਬੰਧ ਵਿਚ ਕੁੱਝ ਨਹੀਂ ਕਹਿ ਸਕਦੇ। ਸੋਮਵਾਰ ਨੂੰ ਉਹ ਦਫ਼ਤਰ ਜਾਣਗੇ ਅਤੇ ਸਟਾਫ ਦੇ ਨਾਲ ਮੀਟਿੰਗ ਕਰਕੇ ਹਰ ਪਹਿਲੂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਉਸ ਤੋਂ ਬਾਅਦ ਹੀ ਸਾਰੀਆਂ ਚੀਜਾਂ ਨੂੰ ਧਿਆਨ ਵਿਚ ਰੱਖ ਕੇ ਕੁੱਝ ਕਿਹਾ ਜਾਵੇਗਾ।