ਰੌਸ਼ਨ ਖੈੜਾ, ਸੁਲਤਾਨਪੁਰ ਲੋਧੀ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਵਿਚ ਅਮਨ-ਕਾਨੂੰਨ ਬਰਕਰਾਰ ਰੱਖਣ ਲਈ ਸ਼ਹਿਰ 'ਚ ਲਗਪਗ 1000 ਸੀਸੀਟੀਵੀ ਕੈਮਰੇ, ਪੈਨ ਟਿਲਟ ਜ਼ੂਮ ਕੈਮਰੇ (ਪੀਟੀਜੀ) ਅਤੇ ਆਟੋਮੈਟਿਕ ਨੰਬਰ ਪਲੇਟ ਰੈਕੋਗਨੀਸ਼ਨ (ਏਐਨਪੀਆਰ) ਕੈਮਰੇ ਲਾਏ ਗਏ ਹਨ, ਜੋ ਪਵਿੱਤਰ ਨਗਰੀ ਦੇ ਹਰ ਕੋਨੇ ਅਤੇ ਅਹਿਮ ਸਥਾਨਾਂ ਦੀ ਨਿਗਰਾਨੀ ਕਰ ਰਹੇ ਹਨ ਅਤੇ ਕੈਮਰਿਆਂ ਦੀ ਫੁਟੇਜ 'ਤੇ ਇੰਟੇਗ੍ਰੇਟਿਡ ਕਮਾਂਡ ਅਤੇ ਕੰਟਰੋਲ ਸੈਂਟਰ (ਆਈਸੀਸੀਸੀ) ਵੱਲੋਂ 24 ਘੰਟੇ ਬਾਜ਼ ਅੱਖ ਰੱਖੀ ਜਾ ਰਹੀ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਕੈਮਰੇ ਅਹਿਮ ਅਤੇ ਸੰਵੇਦਨਸ਼ੀਲ ਥਾਵਾਂ 'ਤੇ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਪੂਰੀ ਯੋਜਨਾ ਦੇ ਰਚੇਤਾ ਆਈਜੀ ਨੌਨਿਹਾਲ ਸਿੰਘ ਹਨ, ਜੋ ਆਪਣੀ ਨਿਗਰਾਨੀ ਹੇਠ ਇੰਟੇਗ੍ਰੇਟਿਡ ਕਮਾਂਡ ਅਤੇ ਕੰਟਰੋਲ ਸੈਂਟਰ ਦਾ ਕੰਮ ਦੇਖ ਰਹੇ ਹਨ। ਉੁਨ੍ਹਾਂ ਦੱਸਿਆ ਕਿ ਅਤਿ ਆਧੁਨਿਕ ਤਕਨੀਕ ਦੇ ਇਹ ਕੈਮਰੇ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਅੱਖਾਂ ਅਤੇ ਕੰਨਾਂ ਵਾਂਗ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਕੈਮਰਿਆਂ ਰਾਹੀਂ ਪਵਿੱਤਰ ਨਗਰੀ 'ਚ ਗਤੀਵਿਧੀਆਂ 'ਤੇ ਬਾਜ਼ ਅੱਖ ਰੱਖੀ ਜਾ ਰਹੀ ਹੈ। ਸੀਸੀਟੀਵੀ ਕੈਮਰਿਆਂ ਰਾਹੀਂ ਸ਼ਹਿਰ 'ਚ ਹੋਣ ਵਾਲੇ ਹਰ ਘਟਨਾਚੱਕਰ 'ਤੇ ਨਜ਼ਰ ਰੱਖੀ ਜਾ ਰਹੀ ਹੈ, ਜਦਕਿ ਪੀਟੀਜੀ ਕੈਮਰਿਆਂ ਨੂੰ 360 ਡਿਗਰੀ ਵਿਊ ਲਈ ਵਰਤਿਆ ਜਾ ਰਿਹਾ ਹੈ।

ਪੀਟੀਜੀ ਕੈਮਰੇ ਭੀੜ ਵਾਲੇ ਇਲਾਕਿਆਂ 'ਚ ਲਾਏ ਗਏ ਹਨ। ਇਹ ਕੈਮਰੇ ਅੱਗ ਜਿਹੀਆਂ ਅਣਸੁਖਾਵੀਆਂ ਘਟਨਾਵਾਂ ਦੇ ਪੱਖ ਤੋਂ ਵੀ ਮਦਦਗਾਰ ਹਨ। ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਏਐੱਨਪੀਆਰ ਕੈਮਰੇ ਸ਼ਹਿਰ 'ਚ ਦਾਖ਼ਲ ਹੋਣ ਵਾਲੇ ਅਤੇ ਬਾਹਰ ਨਿਕਲਣ ਵਾਲੇ ਵਾਹਨਾਂ ਦੀ ਨਿਗਰਾਨੀ ਕਰ ਰਹੇ ਹਨ। ਇਹ ਕੈਮਰੇ ਵਾਹਨਾਂ ਦੀ ਨੰਬਰ ਪਲੇਟ ਪੜ੍ਹਨ ਦੇ ਸਮਰੱਥ ਹਨ, ਜਿਸ ਕਰਕੇ ਹਰ ਚਲਦਾ ਵਾਹਨ ਪੁਲਿਸ ਤੇ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਹੈ। ਐੱਸਐੱਸਪੀ ਨੇ ਦੱਸਿਆ ਕਿ ਇਸ ਯੋਜਨਾ ਨੂੰ ਲਾਗੂ ਕਰਨ ਦਾ ਮਕਸਦ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬÎਣਾਉਣਾ ਹੈ। ਇਸ ਕਮਾਂਡ ਤੇ ਕੰਟਰੋਲ ਸੈਂਟਰ 'ਚ 24 ਘੰਟੇ ਨਿਗਰਾਨੀ ਲਈ ਸਟਾਫ ਤਾਇਨਾਤ ਕੀਤਾ ਗਿਆ ਹੈ, ਜੋ ਇਕ ਵੱਡੀ ਐੱਲਈਡੀ ਸਕਰੀਨ ਰਾਹੀਂ ਪੂਰੇ ਸ਼ਹਿਰ ਦੀ ਨਿਗਰਾਨੀ ਕਰ ਰਿਹਾ ਹੈ।