ਪੱਤਰ ਪ੍ਰਰੇਰਕ, ਫਗਵਾੜਾ : ਕੇਂਦਰ ਸਰਕਾਰ ਵੱਲੋਂ ਕਿਸਾਨਾਂ ਸਬੰਧੀ ਆਰਡੀਨੈਂਸ ਬਿੱਲ ਪਾਸ ਕੀਤਾ ਗਿਆ ਸੀ, ਜਿਸ ਦਾ ਵਿਰੋਧ ਕਿਸਾਨ ਤੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਕਰਦੇ ਆ ਰਹੇ ਸਨ। ਸ਼ਨਿਚਰਵਾਰ ਦੇਰ ਸ਼ਾਮ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ-ਭਾਜਪਾ ਗਠਜੋੜ ਤੋੜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਆਪਣੇ ਵਰਕਰਾਂ ਨਾਲ ਇਸ ਸਬੰਧੀ ਇਕ ਮੀਟਿੰਗ ਕਰਨ ਲਈ ਵਿਸ਼ੇਸ਼ ਤੌਰ 'ਚ ਫਗਵਾੜਾ ਪੁੱਜੇ। ਫਗਵਾੜਾ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਸੁਖਚੈਨ ਸਾਹਿਬ ਵਿਖੇ ਇਹ ਮੀਟਿੰਗ ਰੱਖੀ ਗਈ ਸੀ। ਪੂਰੇ ਇਲਾਕੇ 'ਚੋਂ ਵੱਡੀ ਗਿਣਤੀ ਵਿਚ ਅਕਾਲੀ ਆਗੂ ਤੇ ਵਰਕਰ ਇੱਥੇ ਪੁੱਜੇ ਸਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਦੌਰਾਨ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਪਾਰਟੀ ਹਮੇਸ਼ਾ ਕਿਸਾਨਾਂ ਦੇ ਹੱਕਾਂ ਲਈ ਲੜਦੀ ਆ ਰਹੀ ਹੈ। ਪਿਛਲੇ ਲੰਬੇ ਸਮੇਂ ਤੋਂ ਅਕਾਲੀ-ਭਾਜਪਾ ਦਾ ਗਠਜੋੜ ਚੱਲਦਾ ਆ ਰਿਹਾ ਸੀ ਪਰ ਐੱਨਡੀਏ ਸਰਕਾਰ ਵੱਲੋਂ ਜਿਵੇਂ ਹੀ ਕਿਸਾਨਾਂ ਖ਼ਿਲਾਫ਼ ਤਿੰਨ ਆਰਡੀਨੈਂਸ ਬਿੱਲ ਪਾਸ ਕੀਤੇ ਗਏ, ਇੰਨਾ ਹੀ ਨਹੀਂ ਜੰਮੂ ਵਿਚ ਜਬਰਦਸਤੀ ਪੰਜਾਬੀ ਦੀ ਬਜਾਏ ਅੰਗਰੇਜ਼ੀ ਭਾਸ਼ਾ ਉਨ੍ਹਾਂ ਸਾਰਿਆਂ ਉੱਪਰ ਥੋਪ ਦਿੱਤੀ ਗਈ, ਜਿਸ ਕਾਰਨ ਉਨ੍ਹਾਂ ਦੀ ਪਾਰਟੀ ਨੇ ਇਕ ਵੱਡਾ ਫੈਸਲਾ ਲੈਂਦੇ ਹੋਏ ਆਪਣੇ ਆਪ ਨੂੰ ਭਾਜਪਾ ਪਾਰਟੀ ਤੋਂ ਅਲੱਗ ਕਰ ਲਿਆ ਹੈ। ਏਨਾ ਹੀ ਨਹੀਂ ਕੇਂਦਰ ਸਰਕਾਰ 'ਚ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ, ਜੋ ਕਿ ਮੰਤਰੀ ਅਹੁਦੇ 'ਤੇ ਸਨ, ਉਨ੍ਹਾਂ ਵੀ ਕਿਸਾਨਾਂ ਦੇ ਹੱਕਾਂ ਲਈ ਖੜ੍ਹੇ ਹੁੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਪਹਿਲਾਂ ਹੀ ਦੇ ਦਿੱਤਾ ਸੀ।

ਦੱਸਣਯੋਗ ਹੈ ਕਿ ਅਕਾਲੀ-ਭਾਜਪਾ ਗਠਜੋੜ 1996 'ਚ ਹੋਇਆ ਸੀ। ਇਸ ਲੰਬੇ ਸਮੇਂ ਦੌਰਾਨ ਦੋਵੇਂ ਹੀ ਪਾਰਟੀਆਂ ਕਈ ਚੋਣਾਂ ਲੜ ਚੁੱਕੀਆਂ ਹਨ। ਦੋ ਸਿੱਖ ਜਥੇਬੰਦੀਆਂ ਮੌਕੇ 'ਤੇ ਪ੍ਰਦਰਸ਼ਨ ਕਰ ਰਹੀਆਂ ਸਨ। ਉਨ੍ਹਾਂ ਨਾਲ ਅਕਾਲੀ ਦਲ ਦੀ ਆਗੂ ਜਗੀਰ ਕੌਰ ਨੇ ਮੁਲਾਕਾਤ ਕਰਦੇ ਹੋਏ ਕਿਹਾ ਕਿ ਪਾਵਨ ਸਰੂਪਾਂ ਦੀ ਪਿਛਲੇ ਸਮੇਂ ਦੌਰਾਨ ਜੋ ਬੇਅਦਬੀ ਹੋਈ ਹੈ ਉਸ ਖਿਲਾਫ ਜਲਦੀ ਕਾਰਵਾਈ ਕਰਵਾਈ ਜਾਵੇਗੀ। ਉਨ੍ਹਾਂ ਵੱਲੋਂ ਸਿੱਖ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਗਿਆ। ਇਸ ਮੌਕੇ ਹਲਕਾ ਇੰਚਾਰਜ਼ ਜਥੇਦਾਰ ਸਰਵਣ ਸਿੰਘ ਕੁਲਾਰ, ਜਰਨੈਲ ਸਿੰਘ ਵਾਹਦ, ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਕੌਸਲਰ ਪਰਮਜੀਤ ਕੌਰ ਕੰਬੋਜ, ਸਾਬਕਾ ਕੌਂਸਲਰ ਬਲਜਿੰਦਰ ਸਿੰਘ ਠੇਕੇਦਾਰ, ਬਹਾਦਰ ਸਿੰਘ ਸੰਗਤਪੁਰ ਸਮੇਤ ਸੈਂਕੜੇ ਹੀ ਅਕਾਲੀ ਵਰਕਰ ਹਾਜ਼ਰ ਸਨ।

ਸਿੱਖ ਜਥੇਬੰਦੀਆਂ ਨੇ ਕੀਤਾ ਪ੍ਰਦਰਸ਼ਨ

* ਕਿਹਾ; ਪਾਵਨ ਸਰੂਪਾਂ ਦੀ ਬੇਅਦਬੀ ਦੇ ਦੋਸ਼ੀਆਂ ਉਪਰ ਹੋਵੇ ਕਾਰਵਾਈ

ਇਸ ਦੇ ਨਾਲ ਹੀ ਗੁਰਦੁਆਰਾ ਸ੍ਰੀ ਸੁਖਚੈਨ ਸਾਹਿਬ ਵਿਖੇ ਹੋਈ ਮੀਟਿੰਗ ਦੌਰਾਨ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨ ਲਈ ਸ਼ਹਿਰ ਦੀਆਂ ਸਿੱਖ ਜਥੇਬੰਦੀਆਂ ਪੁੱਜ ਗਈਆਂ। ਉਨ੍ਹਾਂ ਦਾ ਕਹਿਣਾ ਸੀ ਕਿ ਪਾਵਨ ਸਰੂਪਾਂ ਦੀ ਜੋ ਬੇਅਦਬੀ ਦੇ ਮਾਮਲੇ ਪਿਛਲੇ ਸਮੇਂ 'ਚ ਹੋਏ ਹਨ ਉਨ੍ਹਾਂ ਦੇ ਦੋਸ਼ੀਆਂ 'ਤੇ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਜੋ ਪਾਵਨ ਸਰੂਪ ਲਾਪਤਾ ਹੋਏ ਹਨ ਉਸ ਮਾਮਲੇ 'ਚ ਵੀ ਕਾਰਵਾਈ ਕੀਤੀ ਜਾਵੇ। ਸ੍ਰੀ ਗੁਰੂ ਗ੍ੰਥ ਸਾਹਿਬ ਦੀ ਛਪਾਈ ਕਰਨ ਵਾਲੀਆਂ ਸਾਰੀਆਂ ਹੀ ਪ੍ਰਰੈੱਸਾਂ ਨੂੰ ਜਲਦ ਬੰਦ ਕਰਵਾਇਆ ਜਾਵੇ। ਇਸ ਦੇ ਨਾਲ ਹੀ ਗੁਟਕਾ ਸਾਹਿਬ ਤੇ ਪੋਥੀ ਸਾਹਿਬ ਦੀ ਵੀ ਜੋ ਪ੍ਰਰਾਈਵੇਟ ਪ੍ਰਰੈੱਸਾਂ ਛਪਾਈ ਕਰ ਰਹੀਆਂ ਹਨ ਉਹ ਬੰਦ ਕਰਵਾਈਆਂ ਜਾਣ। ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਉਹ ਇਸ ਸਬੰਧੀ ਲਗਾਤਾਰ ਆਪਣੀ ਆਵਾਜ਼ ਉਠਾ ਰਹੇ ਹਨ ਪਰ ਅਕਾਲੀ ਦਲ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ 'ਤੇ ਬੜੀ ਮੁਸ਼ਕਲ ਨਾਲ ਹਾਲਾਤ ਸੰਭਾਲੇ ਗਏ। ਪ੍ਰਸ਼ਾਸਨ ਵੱਲੋਂ ਕੜੇ ਪੁਖਤਾ ਪ੍ਰਬੰਧ ਕੀਤੇ ਗਏ ਸਨ।