ਸੁਖਪਾਲ ਹੁੰਦਲ, ਅਮਨਜੋਤ ਵਾਲੀਆ, ਕਪੂਰਥਲਾ : ਥਾਣਾ ਫੱਤੂਢੀਂਗਾ ਦੇ ਮੁੱਖ ਮੁਨਸ਼ੀ ਦੀ ਸੋਮਵਾਰ ਨੂੰ ਸਵੇਰੇ ਕਰੀਬ 9 ਵਜੇ ਅਚਾਨਕ ਏਕੇ-47 ਰਫਲ 'ਚੋਂ ਚੱਲੀ ਗੋਲੀ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਪ੍ਰਰਾਪਤ ਜਾਣਕਾਰੀ ਅਨੁਸਾਰ ਪਿਛਲੇ ਕਰੀਬ ਦੋ ਸਾਲ ਤੋਂ ਥਾਣਾ ਫੱਤੂਢੀਂਗਾ ਵਿਚ ਤਾਇਨਾਤ ਏਐੱਸਆਈ ਸੁਖਵਿੰਦਰ ਸਿੰਘ ਜਿਸ ਦੀ ਕਰੀਬ 6 ਮਹੀਨੇ ਪਹਿਲਾਂ ਹੀ ਹੈੱਡ ਕਾਂਸਟੇਬਲ ਤੋਂ ਪ੍ਰਸ਼ਾਸਨ ਵਿਚ ਵਧੀਆ ਸੇਵਾਵਾਂ ਦੇਣ ਬਦਲੇ ਬਤੌਰ ਅਸਿਸਟੈਂਟ ਸਬ-ਇੰਸਪੈਕਟਰ ਵਜੋਂ ਤਰੱਕੀ ਹੋਈ ਸੀ। ਸੋਮਵਾਰ ਨੂੰ ਥਾਣੇ ਦੀ ਇੰਸਪੈਕਸ਼ਨ ਨੂੰ ਲੈ ਕੇ ਜਦੋਂ ਉਹ ਥਾਣੇ ਦਾ ਰਿਕਾਰਡ ਅਤੇ ਹੋਰ ਥਾਣੇ ਵਿਚ ਮੌਜੂਦ ਅਸਲਾ ਚੈੱਕ ਕਰ ਰਹੇ ਸਨ ਤਾਂ ਥਾਣੇ ਵਿਚ ਮੌਜੂਦ ਏਕੇ-47 ਰਫਲ ਦੀ ਚੈਕਿੰਗ ਦੌਰਾਨ ਅਚਾਨਕ ਗੋਲੀ ਚੱਲ ਗਈ, ਜੋ ਉਨ੍ਹਾਂ ਦੀ ਛਾਤੀ ਵਿਚ ਲੱਗੀ। ਜਿਸ ਨੂੰ ਲੈ ਕੇ ਮੌਜੂਦ ਕਰਮਚਾਰੀਆਂ ਵਲੋਂ ਏਐੱਸਆਈ ਸੁਖਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਇਲਾਜ਼ ਲਈ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ। ਇਸ ਸਬੰਧੀ ਥਾਣਾ ਫੱਤੂਢੀਂਗਾ ਦੇ ਐੱਸਐੱਚਓ ਚੰਨਣ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਸਵੇਰੇ ਕੋਰਟ ਵਿਚ ਕਿਸੇ ਨਿੱਜੀ ਕੰਮ ਲਈ ਆ ਰਹੇ ਸਨ ਤਾਂ ਉਨ੍ਹਾਂ ਨੂੰ ਰਸਤੇ ਵਿਚ ਹੀ ਇਸ ਘਟਨਾ ਦੀ ਜਾਣਕਾਰੀ ਮਿਲੀ। ਉਹ ਸਿੱਧੇ ਹਸਪਤਾਲ ਪਹੁੰਚ ਗਏ। ਐੱਸਐੱਚਓ ਚੰਨਣ ਸਿੰਘ ਨੇ ਕਿਹਾ ਕਿ ਮਿ੍ਤਕ ਏਐੱਸਆਈ ਸੁਖਵਿੰਦਰ ਸਿੰਘ ਵਿਭਾਗ ਵਿਚ ਬਹੁਤ ਹੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਂਦਾ ਹੁੰਦਾ ਸੀ ਅਤੇ ਹਮੇਸ਼ਾਂ ਹੀ ਹਸਮੁੱਖ ਰਹਿੰਦਾ ਸੀ ਅਤੇ ਥਾਣੇ ਵਿਚ ਆਉਣ ਵਾਲੇ ਹਰੇਕ ਇਨਸਾਨ ਨੂੰ ਬਹੁਤ ਹੀ ਸਲੀਕੇ ਨਾਲ ਮਿਲਦਾ ਸੀ।

-ਬਾਕਸ-ਕੀ ਕਹਿੰਦੇ ਹਨ ਪਰਿਵਾਰਕ ਮੈਂਬਰ

ਇਸ ਸਬੰਧੀ ਜਦੋਂ ਮਿ੍ਤਕ ਏਐੱਸਆਈ ਸੁਖਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਉਸ ਦੇ ਭਤੀਜੇ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਚਾਚਾ ਬਹੁਤ ਹੀ ਮਿਲਣਸਾਰ ਵਿਅਕਤੀ ਸੀ। ਉਨ੍ਹਾਂ ਦਾ ਲੜਕਾ ਪਰਮਵੀਰ ਸਿੰਘ ਕਿਸੇ ਨਿੱਜੀ ਸਕੂਲ ਵਿਚ 11ਵੀਂ ਜਮਾਤ ਵਿਚ ਪੜਦਾ ਹੈ। ਉਹ ਤਾਂ ਖੁੱਦ ਨਹੀਂ ਸਮਝ ਰਹੇ ਕਿ ਆਖਿਰਕਾਰ ਉਨ੍ਹਾਂ ਦੇ ਚਾਚਾ ਨਾਲ ਇਸ ਤਰ੍ਹਾਂ ਦੀ ਘਟਨਾ ਕਿਵੇਂ ਵਾਪਰੀ।

-ਬਾਕਸ-ਕੀ ਕਹਿੰਦੇ ਹਨ ਪਿੰਡ ਦੇ ਸਰਪੰਚ

ਇਸ ਸਬੰਧੀ ਜਦੋਂ ਪਿੰਡ ਕੁਲਾਰਾ ਦੇ ਸਰਪੰਚ ਜਰਮਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਏਐੱਸਆਈ ਸੁਖਵਿੰਦਰ ਸਿੰਘ ਜਦੋਂ ਵੀ ਪਿੰਡ ਆਉਂਦਾ ਸੀ ਤਾਂ ਹਰੇਕ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਮਿਲਦਾ ਸੀ। ਪਰ ਅੱਜ ਵਾਪਰੀ ਇਸ ਘਟਨਾ ਨੇ ਸਾਰੇ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਮਿ੍ਤਕ ਏਐੱਸਆਈ ਸੁਖਵਿੰਦਰ ਸਿੰਘ ਦੇ ਲੜਕੇ ਜਾਂ ਉਸ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਜਿਸ ਨਾਲ ਪਰਿਵਾਰ ਨੂੰ ਹੋਣ ਵਾਲਾ ਘਾਟਾ ਤਾਂ ਪੂਰਾ ਨਹੀਂ ਹੋ ਸਕਦਾ, ਪਰ ਸਰਕਾਰ ਵਲੋਂ ਦਿੱਤੀ ਗਈ ਨੌਕਰੀ ਪਰਿਵਾਰਕ ਮੈਂਬਰਾਂ 'ਤੇ ਮਲ੍ਹਮ ਦਾ ਕੰਮ ਕਰੇਗੀ।