ਵਿਜੇ ਸੋਨੀ, ਫਗਵਾੜਾ : ਪੋਸਟ ਮੈਟਿ੍ਕ ਸਕਾਲਰਸ਼ਿਪ ਅਧੀਨ ਆਉਂਦੇ ਐੱਸਸੀਬੀਸੀ ਵਿਦਿਆਰਥੀਆਂ ਨੇ ਬਸਪਾ ਆਗੂਆਂ ਨੂੰ ਨਾਲ ਲੈ ਕੇ ਸਤਨਾਮਪੁਰਾ ਸਥਿਤ ਇਕ ਕਾਲਜ ਅੱਗੇ ਧਰਨਾ ਲਗਾ ਕੇ ਫਗਵਾੜਾ ਤੋਂ ਨਕੋਦਰ ਵੱਲ ਜਾਂਦੀ ਸੜਕ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਬਸਪਾ ਆਗੂ ਹਰਭਜਨ ਸੁਮਨ, ਪ੍ਦੀਪ ਮੱਲ, ਪਰਮਿੰਦਰ ਬੋਧ, ਕੌਂਸਲਰ ਰਮੇਸ਼ ਕੌਲ ਨੂੰ ਨਾਲ ਲੈ ਕੇ ਸੈਂਕੜੇ ਦੀ ਗਿਣਤੀ 'ਚ ਕਾਲਜ ਵਿਦਿਆਰਥੀ ਸਤਨਾਮਪੁਰਾ ਇਕੱਤਰ ਹੋਏ ਅਤੇ ਸੜਕ 'ਤੇ ਚੱਕਾ ਜਾਮ ਕਰਕੇ ਬੈਠ ਗਏ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ, ਜਿਸ ਨਾਲ ਫਗਵਾੜਾ ਤੋਂ ਨਕੋਦਰ ਸੜਕ 'ਤੇ ਆਵਾਜਾਈ ਬਿਲਕੁਲ ਠੱਪ ਹੋ ਕੇ ਰਹਿ ਗਈ। ਜ਼ਿਕਰਯੋਗ ਹੈ ਕਿ ਪੋਸਟ ਮੈਟਿ੍ਕ ਸਕਾਲਰਸ਼ਿਪ ਅਧੀਨ ਆਉਂਦੇ ਐਸਸੀਬੀਸੀ ਵਿਦਿਆਰਥੀ ਕਈ ਦਿਨਾਂ ਤੋਂ ਕਾਲਜ ਖਿਲਾਫ ਧਰਨੇ ਦੇ ਰਹੇ ਹਨ। ਬੀਤੇ ਦਿਨੀਂ ਐਸਡੀਐਮ ਫਗਵਾੜਾ ਦੇ ਦਫਤਰ ਅੱਗੇ ਧਰਨਾ ਲਗਾਇਆ ਗਿਆ ਸੀ ਅਤੇ ਕਾਲਜ ਵੱਲੋਂ ਮੰਗਾਂ ਨਾ ਮੰਨ ਹੋਣ 'ਤੇ ਕਾਲਜ ਦੇ ਸਾਹਮਣੇ ਚੱਕਾ ਜਾਮ ਕਰ ਦਿੱਤਾ ਗਿਆ। ਇਸ ਸਮੇਂ ਮੌਕੇ ਨੂੰ ਦੇਖਦੇ ਹੋਏ ਤਹਿਸੀਲਦਾਰ ਹਰਕਰਮ ਸਿੰਘ, ਨਾਇਬ ਤਹਿਸੀਲਦਾਰ ਸਵਪਨਦੀਪ ਕੌਰ, ਐੱਸਐੱਚਓ ਸਤਨਾਮਪੁਰਾ ਜੋਗਿੰਦਰ ਸਿੰਘ ਮੌਕੇ 'ਤੇ ਭਾਰੀ ਪੁਲਿਸ ਬੱਲ ਲੈ ਕੇ ਪੁੱਜੇ। ਡਿਪਟੀ ਡਾਇਰੈਕਟਰ ਜਸਵਿੰਦਰ ਸਿੰਘ ਗਿੱਲ ਨੇ ਆ ਕੇ ਵਿਦਿਆਰਥੀਆਂ ਅਤੇ ਆਗੂਆਂ ਨੂੰ ਭਰੋਸਾ ਦੇਣ 'ਤੇ ਲੱਗਭਗ ਦੋ ਘੰਟੇ ਬਾਅਦ ਮਾਮਲਾ ਸ਼ਾਂਤ ਹੋਇਆ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲ 1285 ਕਰੋੜ ਰੁਪਏ ਬਕਾਇਆ ਹਨ, ਹਾਲੇ ਤਕ ਜਿਸਦਾ ਭੁਗਤਾਨ ਨਾ ਹੋਣ ਕਾਰਨ ਕਾਲਜਾਂ ਨੂੰ ਪਰੇਸ਼ਾਨੀ ਆ ਰਹੀ ਹੈ ਜੋ ਵਿਦਿਆਰਥੀ ਵੀ ਪੋਸਟ ਮੈਟਿ੍ਕ ਸਕਾਲਰਸ਼ਿਪ ਅਧੀਨ ਆਉਂਦੇ ਹਨ, ਉਨ੍ਹਾਂ ਨੂੰ ਪੇਪਰਾਂ ਵਿਚ ਬੈਠਣ ਤੋਂ ਨਹੀਂ ਰੋਕਿਆ ਜਾਵੇਗਾ।

-ਬਾਕਸ- ਵਿਦਿਆਰਥੀ ਕਾਲਜ ਨਾਲ ਜੁਆਇੰਟ ਖਾਤਾ ਖੁੱਲ੍ਹਵਾਉਣ : ਪਿ੍ੰਸੀਪਲ

ਕਾਲਜ ਪਿ੍ੰਸੀਪਲ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕਾਲਜ ਦਾ ਲੱਗਭਗ 1 ਕਰੋੜ 20 ਲੱਖ ਰੁਪਏ ਸਰਕਾਰ ਵੱਲ ਪੈਂਡਿੰਗ ਪਏ ਹਨ। ਉਨ੍ਹਾਂ ਕਿਹਾ ਕਿ ਪਹਿਲਾ ਸਰਕਾਰ ਵਲੋਂ ਸਕਾਲਰਸ਼ਿਪ ਦੇ ਪੈਸੇ ਸਿੱਧੇ ਕਾਲਜਾਂ ਕੋਲ ਆਉਂਦੇ ਸਨ, ਪਰ ਹੁਣ ਸਰਕਾਰ ਨੇ ਸਿੱਧੇ ਹੀ ਵਿਦਿਆਰਥੀਆਂ ਦੇ ਖਾਤਿਆਂ ਵਿਚ ਪਾਣੇ ਸ਼ੁਰੂ ਕਰ ਦਿੱਤੇ ਹਨ ਜੇਕਰ ਵਿਦਿਆਰਥੀ ਕਿਧਰੇ ਬਾਹਰ ਚਲਾ ਜਾਂਦਾ ਹੈ ਤਾਂ ਕਾਲਜ ਆਪਣੇ ਪੈਸੇ ਕਿੰਝ ਲਵੇਗਾ। ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀ ਕਾਲਜ ਨਾਲ ਜੁਆਇੰਟ ਖਾਤਾ ਖੱੁਲ੍ਹਵਾ ਲਵੇ ਅਤੇ ਕਾਲਜ ਨੂੰ ਲਿਖ ਕੇ ਦੇਣ ਕਿ ਜਦੋਂ ਵੀ ਸਕਾਲਰਸ਼ਿਪ ਦੇ ਪੈਸੇ ਆਉਣ ਤਾਂ ਅਸੀਂ ਖਾਤੇ ਵਿਚੋਂ ਕਢਵਾ ਸਕਦੇ ਹਾਂ ਜਿਸ ਨਾਲ ਮਾਮਲਾ ਬਿਲਕੁਲ ਠੀਕ ਹੋ ਜਾਵੇਗਾ