ਅਜੈ ਕਨੌਜੀਆ, ਕਪੂਰਥਲਾ : ਸਰਕਾਰੀ ਸੀਨੀਅਰ ਸੈਕੰਡਰੀ ਸੂਕਲ ਬੂਟ ਦੇ ਫੈਨਸਿੰਗ ਦੇ ਖਿਡਾਰੀਆਂ ਨੇ ਬੀਤੇ ਦਿਨੀਂ ਤਰਨਤਾਰਨ ਵਿਖੇ ਹੋਈ ਪੰਜਾਬ ਫੈਨਸਿੰਗ ਚੈਂਪੀਅਨਸ਼ਿਪ ਵਿਚ ਦੋ ਕਾਂਸੀ ਦੇ ਤਗਮੇ ਹਾਸਲ ਕਰਕੇ ਇਕ ਵਾਰ ਫਿਰ ਜ਼ਿਲ੍ਹਾ ਕਪੂਰਥਲਾ ਦਾ ਨਾਂਅ ਰੋਸ਼ਨ ਕੀਤਾ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਤੇ ਪਿੰਡ ਦੇ ਸਰਪੰਚ ਰਾਜਪਾਲ ਸਿੰਘ ਅਤੇ ਪਿ੍ਰੰਸੀਪਲ ਬਲਵਿੰਦਰ ਸਿੰਘ ਬੱਟੂ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਤੇ ਸਕੂਲ ਦੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਫੈਨਸਿੰਗ ਕੋਚ, ਰੋਹਿਤ ਸ਼ੋਰੀ, ਜੋ ਕਿ ਸਕੂਲ ਵਿਚ ਕੰਪਿਊਟਰ ਅਧਿਆਪਕ ਵਜੋਂ ਸੇਵਾਵਾਂ ਦੇ ਰਹੇ ਹਨ, ਨੇ ਕਿਹਾ ਕਿ ਪੰਜਾਬ ਸਕੂਲ ਖੇਡਾਂ ਲਈ ਵੀ ਖਿਡਾਰੀ ਜੀਅ ਤੋੜ ਅਭਿਆਸ ਕਰ ਰਹੇ ਹਨ। ਇਸ ਮੌਕੇ ਡੀਪੀਈ ਮੁਕੇਸ਼ ਕੁਮਾਰ ਨੇ ਸਕੂਲ ਵਿਚ ਨੈੱਟਬਾਲ, ਬੈਡਮਿੰਟਨ, ਵਾਲੀਬਾਲ ਅਤੇ ਖੋ-ਖੋ ਦੇ ਮੈਦਾਨ ਤਿਆਰ ਕਰ ਕੇ ਚੰਗਾ ਖੇਡ ਵਾਤਾਵਰਨ ਪੈਦਾ ਕਰਨ ਲਈ ਪਿੰਡ ਵਾਲਿਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਸਕੂਲ ਦੇ ਪਿ੍ਰੰਸੀਪਲ ਬਲਵਿੰਦਰ ਸਿੰਘ ਬੱਟੂ ਨੇ ਸਕੂਲ ਦੀ ਕਾਇਆ ਕਲਪ ਕਰਨ ਅਤੇ ਸਕੂਲ ਦਾ ਮੁੱਖ ਗੇਟ ਜਲਦ ਹੀ ਤਿਆਰ ਕਰਕੇ ਪੱਕਾ ਰਸਤਾ ਬਣਾਉਣ ਅਤੇ ਆਈਟੀਸੀ ਵੱਲੋਂ ਅਕਤੂਬਰ ਦੇ ਪਹਿਲੇ ਹਫ਼ਤੇ ਕੰਮ ਸ਼ੁਰੂ ਕੀਤੇ ਜਾਣ ਦੀ ਜਾਣਕਾਰੀ ਦਿੱਤੀ। ਇਸ ਮੌਕੇ ਵਿਨੇ ਅਰੋੜਾ, ਕਨਿਕਾ ਬਾਵਾ, ਮਨੀਸ਼ਾ ਉੱਪਲ, ਨਵਨੀਤ ਰਾਹੈ, ਸੁਖਜਿੰਦਰ ਕੌਰ, ਵਸ਼ਿਸ਼ਟ ਕੁਮਾਰ, ਰਾਮ ਦਾਸ, ਅਤਿੰਦਰਪਾਲ ਸਿੰਘ, ਰਮਨ ਪੁੰਜ, ਦਵਿੰਦਰ ਕੌਰ ਅਤੇ ਹੋਰ ਹਾਜ਼ਰ ਸਨ।