ਅਮਨਜੋਤ ਸਿੰਘ ਵਾਲੀਆ, ਕਪੂਰਥਲਾ : ਸਿਵਲ ਹਸਪਤਾਲ ਵਿਚ ਬੀਤੀ 14 ਸਤੰਬਰ ਦੀ ਸ਼ਾਮ 4:30 ਵਜੇ ਦੇ ਕਰੀਬ ਮਰੀਜ਼ ਬਲਜਿੰਦਰ ਕੁਮਾਰ ਵਾਸੀ ਕੋਕਲਪੁਰ ਦੇ ਰਿਸ਼ਤੇਦਾਰਾਂ ਵੱਲੋਂ ਐਮਰਜੈਂਸੀ ਵਿਚ ਉਸ ਸਮੇਂ ਤਾਇਨਾਤ ਡਿਊਟੀ ਡਾਕਟਰ ਸਤਪਾਲ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਕਰਨ ਦੇ ਮਾਮਲੇ ਨੂੰ ਲੈ ਕੇ ਅੱਜ ਸਿਵਲ ਹਸਪਤਾਲ ਦੇ ਸਮੂਹ ਡਾਕਟਰ ਵੱਲੋਂ ਪ੍ਰਧਾਨ ਡਾ. ਰਾਜੀਵ ਪ੍ਰਰਾਸ਼ਰ ਦੀ ਅਗਵਾਈ ਵਿਚ ਹੜਤਾਲ ਕਰ ਦਿੱਤੀ ਅਤੇ ਓਪੀਡੀ ਦੀਆਂ ਸੇਵਾਵਾਂ ਨੂੰ ਵੀ ਬੰਦ ਕਰ ਦਿੱਤਾ। ਇਸ ਸਬੰਧੀ ਡਾਕਟਰਾਂ ਨੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ਵੀ ਕੀਤੀ। ਉਪਰੰਤ ਐੱਸਐੱਮਓ ਡਾ. ਤਾਰਾ ਸਿੰਘ ਵੱਲੋਂ ਡਾਕਟਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਬਦਸਲੂਕੀ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਥਾਣਾ ਸਿਟੀ ਦੀ ਪੁਲਿਸ ਨੂੰ ਲਿਖਿਆ ਜਾਵੇਗਾ। ਇਸ ਸਬੰਧੀ ਇਕ ਸ਼ਿਕਾਇਤ ਦੀ ਕਾਪੀ ਡਾਕਟਰਾਂ ਵੱਲੋਂ ਐੱਸਐੋਚਓ ਸਿਟੀ ਅਤੇ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਦੇ ਨਾਮ ਐੱਸਐੱਮਓ ਡਾ. ਤਾਰਾ ਸਿੰਘ ਨੂੰ ਦਿੱਤੀ ਗਈ ਅਤੇ ਜਿਸ ਵਿਚ ਡਾਕਟਰ ਸਾਹਿਬਾਨਾਂ ਨੇ ਮੰਗ ਕੀਤੀ ਕਿ ਡਾ. ਸਤਪਾਲ ਨਾਲ ਬੀਤੀ 14 ਤਾਰੀਕ ਨੂੰਬਲਜਿੰਦਰ ਕੁਮਾਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਥਿਤ ਗਾਲੀ ਗਲੋਚ ਅਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕਿ ਡਾ. ਸਤਪਾਲ ਵੱਲੋਂ ਇਹ ਕਿਹਾ ਗਿਆ ਸੀ ਕਿ ਐੱਮਐੱਲਆਰ ਦੀ ਕਾਪੀ ਐਕਸਰੇ ਰਿਪੋਰਟ ਆਉਣ ਤੋਂ ਬਾਅਦ ਕੱਟ ਕੇ ਥਾਣਾ ਸਿਟੀ ਭੇਜ ਦਿੱਤੀ ਜਾਵੇਗੀ ਪਰਪਰਿਵਾਰਕ ਮੈਂਬਰਾਂ ਨੇ ਡਾਕਟਰ 'ਤੇ ਝੂਠਾ ਇਲਜ਼ਾਮ ਲਾਇਆ ਕਿ ਉਨ੍ਹਾਂ ਨੇ ਦੂਸਰੀ ਧਿਰ ਨਾਲ ਮਿਲ ਕੇ ਉਨ੍ਹਾਂ ਦੇ ਹੱਕ ਵਿਚ ਐੱਮਐੱਲਆਰ ਕੱਟ ਦਿੱਤੀ ਹੈ ਅਤੇ ਪੈਸੇ ਲਏ ਹਨ, ਜਿਸ ਸਬੰਧੀ ਇਕ ਵੀਡੀਓ ਵੀ ਉਨ੍ਹਾਂ ਵੱਲੋਂ ਵਾਇਰਲ ਕੀਤੀ ਗਈ ਹੈ, ਜਿਸ ਵਿਚ ਉਹ ਡਾਕਟਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ ਅਤੇ ਐਮਰਜੈਂਸੀ ਸੇਵਾਵਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਗਲਤ ਹੈ। ਡਾਕਟਰਾਂ ਨੇ ਮੰਗ ਕੀਤੀ ਕਿ ਉਕਤ ਹਮਲਾ ਕਰਨ ਵਾਲਿਆਂ ਖਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਕੋਈ ਵੀ ਮਰੀਜ਼ ਜਾਂ ਮਰੀਜ਼ ਦੇ ਪਰਿਵਾਰਕ ਮੈਂਬਰ ਡਾਕਟਰਾਂ ਨਾਲ ਬਦਸਲੂਕੀ ਨਾ ਕਰ ਸਕਣ।

ਬਾਕਸ

ਹੜਤਾਲ ਕਾਰਨ ਲੋਕਾਂ ਨੂੰ ਹੋਣਾ ਪਿਆ ਪਰੇਸ਼ਾਨ

ਡਾਕਟਰਾਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਸਿਵਲ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕ ਸਵੇਰ ਤੋਂ ਹੀ ਆ ਕੇ ਲਾਈਨਾਂ ਵਿਚ ਲੱਗ ਗਏ ਪ੍ਰੰਤੂ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਅੱਜ ਸਿਵਲ ਹਸਪਤਾਲ ਵਿਚ ਡਾਕਟਰਾਂ ਦੀ ਹੜਤਾਲ ਹੈ ਤਾਂ ਲੋਕਾਂ ਨੂੰ ਕਾਫੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।