ਵਿਜੇ ਸੋਨੀ, ਫਗਵਾੜਾ : ਅਖੌਤੀ ਏਜੰਟਾਂ ਦਾ ਸ਼ਿਕਾਰ ਹੋਏ ਬਹੁਤ ਸਾਰੇ ਭਾਰਤੀ ਨੌਜਵਾਨ ਆਪਣੀ ਸਜ਼ਾ ਕੱਟ ਚੱੁਕੇ ਹਨ ਜੋ ਫੇਰ ਵੀ ਜੇਲ੍ਹਾਂ ਵਿਚ ਡੱਕੇ ਹੋਏ ਹਨ। ਭਾਰਤ ਸਰਕਾਰ ਕੋਈ ਉਪਰਾਲਾ ਕਰਕੇ ਮਲੇਸ਼ੀਆ ਵਿਚ ਫਸੇ ਨੌਜਵਾਨਾਂ ਨੂੰ ਵਾਪਿਸ ਭਾਰਤ ਬੁਲਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵਕ ਤੇ ਹੈਲਪਿੰਗ ਹੈਂਡ ਸੁਸਾਇਟੀ ਦੇ ਪ੍ਰਧਾਨ ਪਾਲ ਢੋਲੀ ਨੇ ਦੱਸਿਆ ਕਿ ਏਜੰਟਾਂ ਦੀ ਹੇਰਾ-ਫੇਰੀ ਕਾਰਨ ਮਲੇਸ਼ੀਆ ਗਏ ਭਾਰਤੀ ਨੌਜਵਾਨ ਉਥੋ ਦੀਆਂ ਜੇਲ੍ਹਾਂ ਵਿਚ ਆਪਣੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਡੱਕੇ ਹੋਏ ਹਨ ਜਿਨ੍ਹਾਂ ਵਿਚ ਵੱਡੀ ਗਿਣਤੀ ਪੰਜਾਬ ਦੇ ਨੌਜਵਾਨ ਕੁੜੀਆਂ ਤੇ ਮੰੁਡਿਆਂ ਦੀ ਹੈ। ਇਨ੍ਹਾਂ ਨੌਜਵਾਨਾਂ ਨੇ ਮਲੇਸ਼ੀਆਂ ਦੇ ਕਾਨੂੰਨ ਮੁਤਾਬਿਕ ਬਣਦੀ ਸਜ਼ਾ ਪੂਰੀ ਕੱਟ ਲਈ ਹੈ ਅਤੇ ਜੋ ਹੁਣ ਵਾਪਿਸ ਆਪਣੇ ਵਤਨ ਪਰਤਣਾ ਚਾਹੁੰਦੇ ਹਨ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਮਲੇਸ਼ੀਆ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਬੁਲਾਇਆ ਜਾਵੇ।