ਰੌਸ਼ਨ ਖੈੜਾ ਕਪੂਰਥਲਾ : ਕੋਰੋਨਾ ਮਹਾਂਮਾਰੀ ਦੇ ਕਾਰਨ ਬੇਸ਼ਕ ਅੱਜ ਪੂਰਾ ਵਿਸ਼ਵ ਹੀ ਪੀੜਤ ਹੈ ਅਤੇ ਲਾਕਡਾਊਨ ਹੋਣ ਨਾਲ ਸਾਰਾ ਕਾਰੋਬਾਰ ਹੀ ਨਹੀਂ ਬਲਕਿ ਜੀਵਨ ਵੀ ਰੁਕ ਕੇ ਰਹਿ ਗਿਆ ਹੈ, ਅਜਿਹੇ ਮੌਕੇ ਲੋਕਾਂ ਦੀ ਸਾਰ ਲੈਣ ਲਈ ਸਰਕਾਰਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜੱਥੇਬੰਦਕ ਜਨਰਲ ਸੱਕਤਰ ਜੱਥੇਦਾਰ ਕੁਲਵੰਤ ਸਿੰਘ ਜੋਸਨ ਨੇ ਕਹੇ। ਜਥੇਦਾਰ ਜੋਸਨ ਨੇ ਕਿਹਾ ਕਿ ਅੱਜ ਹਰ ਮਜ਼ਦੂਰ, ਕਰਮਚਾਰੀ , ਦੁਕਾਨਦਾਰ, ਵਪਾਰੀ, ਸਮਾਲ ਸਕੇਲ ਇੰਡਸਟਰੀ ਬਹੁਤ ਹੀ ਮੰਦਹਾਲੀ ਚ ਚਲ ਰਹੀ ਹੈ ਇਸ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਪੀੜਤ ਵਰਗ ਦੀ ਸਿੱਧੇ ਰੂਪ ਚ ਬਾਂਹ ਫੜ੍ਹਨ ਲਈ ਛੇ ਮਹੀਨਿਆਂ ਲਈ ਕਰਜ਼ਿਆਂ ਦਾ ਵਿਆਜ਼ ਮਾਫ ਕੀਤਾ ਜਾਵੇ, ਦੁਕਾਨਾ ਅਤੇ ਘਰਾਂ ਦੇ ਬਿਜਲੀ ਬਿਲ ਵੀ ਮਾਫ ਕੀਤੇ ਜਾਣ, ਬੰਦ ਪਏ ਸਕੂਲਾਂ ਦੀਆਂ ਫੀਸਾਂ ਵੀ ਨਾ ਲਈਆਂ ਜਾਣ ਅਤੇ ਰੁਜ਼ਗਾਰ ਦੇ ਮੌਕੇ ਵਿਕਸਤ ਕਰਨ ਲਈ ਲਾਕਡਾਉਨ ਦੀ ਿਢਲ ਦਿੱਤੀ ਜਾਵੇ। ਜਥੇਦਾਰ ਜੋਸਨ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਕੋਰੋਨਾ ਦੇ ਕਹਿਰ ਤੋਂ ਬਚਣ ਲਈ ਮਾਸਕ ਲਗਾਉਣਾ, ਸਮਾਜਿਕ ਦੂਰੀ ਰੱਖਣਾ, ਸੈਨੇਟਾਈਜ਼ ਰੱਖਣਾ ਵੀ ਸਾਡਾ ਨਿਤ ਨੇਮ ਬਨਣਾ ਚਾਹੀਦਾ ਹੈ, ਕਿਉਂਕਿ ਸਾਡੀ ਲਾਪ੍ਰਵਾਹੀ ਹੀ ਸਾਡੀ ਦੁਸ਼ਮਨ ਬਣ ਜਾਂਦੀ ਹੈ।