ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ

ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਦੇ ਨੇੜਲੇ ਸਮੇਂ ਦੌਰਾਨ ਪੰਜਾਬ 'ਚ ਹਲਟ ਜੁੜੇ ਬਲਦ ਖੁਲ੍ਹੇ ਖੂਹਾਂ 'ਚੋਂ 30 ਕੁ ਫੁੱਟ ਤੋਂ ਟਿੰਡਾਂ ਰਾਹੀਂ ਪਾਣੀ ਕੱਢ ਲੈਂਦੇ ਸਨ। ਪਵਿੱਤਰ ਕਾਲੀ ਵੇਈਂ, ਚਿੱਟੀ ਵੇਈਂ, ਸਤਲੁਜ ਤੇ ਬਿਆਸ ਦਰਿਆ ਵੀ ਅੰਮਿ੍ਤ ਜਲ ਨਾਲ ਕਲ ਕਲ ਵੱਗਦੇ ਸਨ। ਪਿਛਲੇ 50 ਸਾਲਾਂ ਦੌਰਾਨ ਜੋ 'ਤਰੱਕੀ' ਦਾ ਦੌਰ ਚੱਲਿਆ ਉਸ ਨੇ ਸਭ ਤੋਂ ਵੱਧ ਕੁਦਰਤੀ ਸੋਮਿਆਂ ਦੀ ਤਬਾਹੀ ਮਚਾਈ ਹੈ। ਮਨੁੱਖੀ ਲਾਲਚ ਨੇ ਪਹਾੜਾਂ, ਜੰਗਲਾਂ, ਦਰਿਆਵਾਂ ਤੇ ਹੋਰ ਕੁਦਰਤੀ ਸਾਧਨਾਂ ਦੀ ਅੰਨ੍ਹੇਵਾਹ ਤਬਾਹੀ ਕੀਤੀ ਹੈ ਅਤੇ ਇਹ ਤਬਾਹੀ ਲਗਾਤਾਰ ਜਾਰੀ ਵੀ ਹੈ। ਅੰਮਿ੍ਤ ਵਰਗੇ ਵੱਗਦੇ ਦਰਿਆਵਾਂ 'ਚ ਜ਼ਹਿਰਾਂ ਘੋਲ ਦਿੱਤੀਆਂ ਹਨ। ਲਗਾਤਾਰ ਘੱਟ ਰਹੇ ਧਰਤੀ ਹੇਠਲੇ ਪਾਣੀ ਦਾ ਸਤਰ ਖਤਰੇ ਦੀ ਘੰਟੀ ਵੱਲ ਇਸ਼ਾਰਾ ਕਰ ਰਿਹਾ ਹੈ। ਸੂਬੇ ਦੇ ਅੱਠ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਦੇ ਬਲਾਕਾਂ ਵਿਚ ਟਿਊਬਵੈੱਲ ਲਗਾਉਣ 'ਤੇ ਰੋਕ ਲਗਾ ਦਿੱਤੀ ਹੈ। ਦੋ ਦਹਾਕੇ ਪਹਿਲਾਂ ਤਕ ਪਵਿੱਤਰ ਵੇਈਂ ਦਾ ਵੀ ਇਹ ਹੀ ਹਾਲ ਸੀ। ਵੇਈਂ ਦਾ ਤਲ ਸੁੱਕ ਚੁੱਕਾ ਸੀ ਜੇ ਪਾਣੀ ਆ ਵੀ ਰਿਹਾ ਸੀ ਤਾਂ ਉਹ ਵੀ ਪਿੰਡਾਂ ਤੇ ਸ਼ਹਿਰਾ ਦਾ ਗੰਦਾ ਤੇ ਜ਼ਹਿਰੀਲਾ ਪਾਣੀ। ਦੋਆਬੇ ਦੇ ਭਾਗ ਚੰਗੇ ਸੀ ਕਰਮਯੋਗੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਪਵਿੱਤਰ ਵੇਈਂ ਦੀ ਪਵਿੱਤਰਤਾ ਬਹਾਲ ਕਰਨ ਲਈ ਕਾਰ ਸੇਵਾ ਆਰੰਭ ਕਰ ਦਿੱਤੀ। ਵੇਈਂ ਸੁੱਕੀ ਹੋਣ ਕਰਕੇ ਇਸ ਵਿੱਚ ਖੇਡਾਂ ਵੀ ਕਰਵਾਈਆਂ ਜਾਂਦੀਆਂ ਰਹੀਆਂ। ਸੰਤ ਸੀਚੇਵਾਲ ਜੀ ਵੱਲੋਂ ਪਵਿੱਤਰ ਵੇਈਂ 'ਤੇ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਮਿਹਨਤ ਦਾ ਅਸਰ ਇਲਾਕੇ 'ਚ ਦਿਸ ਰਿਹਾ ਹੈ। ਗੰਦੇ ਪਾਣੀਆਂ ਹੇਠ ਦੱਬ ਮਰ ਚੁੱਕੀ ਵੇਈਂ ਹੁਣ ਅੰਮਿ੍ਤ ਜਲ ਨਾਲ ਦੁਬਾਰਾ ਕਲ ਕਲ ਵਹਿ ਰਹੀ ਹੈ। ਇਸ ਦਾ ਰੀਚਾਰਜ ਸਿਸਟਮ ਚਾਲੂ ਕਰਨ ਲਈ ਸੰਤ ਸੀਚੇਵਾਲ ਜੀ ਨੇ 2000 ਤੋਂ 2005 ਤਕ ਲਗਾਤਾਰ ਵੇਈਂ ਦਾ ਤਲ ਸਾਫ ਕਰਨ ਦੀ ਮੁਹਿੰਮ ਚਲਾਈ। ਵੇਈਂ ਦੇ ਮੁੱਢ ਸਰੋਤ ਧਨੋਆ ਤੋਂ ਟਾਂਡਾ, ਸੁਭਾਨਪੁਰ ਤੋਂ ਨਾਨਕਪੁਰ, ਸੁਲਤਾਨਪੁਰ ਲੋਧੀ ਤੋਂ ਹਰੀਕੇ ਪੱਤਣ ਤੱਕ ਵੇਈਂ ਦੇ ਤੱਲ 'ਤੇ ਗੰਦੇ ਪਾਣੀਆਂ ਕਾਰਨ ਜੰਮੀ ਸਿਲਟ ਕਈ ਵਾਰ ਕੱਢੀ ਗਈ। 2010 'ਚ ਫਿਰ ਦੁਬਾਰਾ ਵੇਈਂ ਦਾ ਤਲ ਰੇਤਾ ਤਕ ਸਾਫ ਕੀਤਾ ਗਿਆ। ਜਿਸ ਦਾ ਨਤੀਜਾ ਸ਼ਾਨਦਾਰ ਰਿਹਾ। ਜਿੱਥੇ ਪੰਜਾਬ ਦੇ 141 ਬਲਾਕਾਂ 'ਚੋਂ 108 ਬਲਾਕ ਡਾਰਕ ਜ਼ੋਨ ਘੋਸ਼ਿਤ ਕੀਤੇ ਜਾ ਚੁੱਕੇ ਹਨ ਉੱਥੇ ਹੀ ਪੰਜਾਬ ਦੀ ਧਰਤੀ ਹੇਠਲਾ ਪਾਣੀ ਲਗਾਤਾਰ ਥੱਲੇ ਜਾ ਰਿਹਾ ਹੈ। ਪਰ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਕਾਲੀ ਵੇਈਂ ਦੀ ਕੀਤੀ ਗਈ ਇਤਿਹਾਸਿਕ ਕਾਰਸੇਵਾ ਨਾਲ ਜਿੱਥੇ ਇਸ ਇਲਾਕੇ ਦਾ ਧਰਤੀ ਹੇਠਲਾ ਪਾਣੀ ਉਪਰ ਆ ਗਿਆ ਉਥੇ ਹੀ ਇੱਥੋਂ ਦੀ ਆਬੋ ਹਵਾ 'ਚ ਵੀ ਬਹੁਤ ਸੁਧਾਰ ਆਇਆ। ਸਰਕਾਰੀ ਅੰਕੜੇ ਮੁਤਾਬਕ ਸੁਲਤਾਨਪੁਰ ਲੋਧੀ ਹਲਕੇ ਦਾ ਧਰਤੀ ਹੇਠਲਾ ਪਾਣੀ 2.5 ਮੀਟਰ ਉੱਚਾ ਹੋਇਆ ਹੈ। ਇਸ ਤਾਂ ਹੀ ਸੰਭਵ ਹੋ ਸਕਿਆ ਹੈ ਕਿਉਂਕਿ ਇਸਦੇ ਕਿਨਾਰਿਆ 'ਤੇ ਲਗਾਏ ਗਏ ਰੁੱਖਾਂ ਤੇ ਇਸ ਦੀ ਖੁਦਾਈ ਕਰਕੇ ਇਸਦਾ ਤਲ ਰੇਤਾ ਤੱਕ ਡੂੰਘਾ ਕੀਤਾ ਗਿਆ ਜਿਸ ਨੂੰ ਕਰਨ ਨਾਲ ਪਾਣੀ ਮੁੜ ਧਰਤੀ 'ਚ ਜਾਣ ਲੱਗਾ। ਧਰਤੀ ਹੇਠਲਾ ਪਾਣੀ ਵੀ ਉੱਚਾ ਹੋਇਆ ਨਾਲੇ ਪਵਿੱਤਰ ਵੇਈਂ ਨਿਰਮਲ ਧਾਰਾ 'ਚ ਵਹਿਣ ਲੱਗੀ। ਪਵਿੱਤਰ ਵੇਈਂ 'ਚੋਂ 300 ਤੋਂ ਵੱਧ ਕਿਸਾਨ ਪਾਣੀ ਸਿੱਧੇ ਤੌਰ 'ਤੇ ਵਰਤ ਕੇ ਆਪਣੀਆਂ ਫਸਲਾਂ ਸਿੰਜ ਰਹੇ ਹਨ।