ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਵੱਖ-ਵੱਖ ਸਰਕਾਰੀ ਵਿਭਾਗਾਂ ਅਧੀਨ ਸਵੈ-ਰੁਜ਼ਗਾਰ ਦੀਆਂ ਸਕੀਮਾਂ ਤਹਿਤ ਜਿਹੜੇ ਪ੍ਰਰਾਰਥੀਆਂ ਨੇ ਵਿੱਤੀ ਸਹਾਇਤਾ ਲਈ ਲੋਨ ਅਪਲਾਈ ਕੀਤਾ ਸੀ ਅਤੇ ਜਿਨ੍ਹਾਂ ਦੇ ਕੇਸ ਬੈਂਕ ਪੱਧਰ 'ਤੇ ਪਏ ਹਨ, ਦਾ ਮੁਲਾਂਕਣ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐੱਸਪੀ ਆਂਗਰਾ ਵੱਲੋਂ ਜ਼ਿਲ੍ਹੇ ਦੇ ਸਮੂਹ ਬੈਂਕਾਂ ਦੇ ਬ੍ਾਂਚ ਮੈਨੇਜਰਾਂ ਤੇ ਉਮੀਦਵਾਰਾਂ ਦੇ ਕੇਸ ਸਪਾਂਸਰ ਕਰਨ ਵਾਲੇ ਵਿਭਾਗਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਲੋਨ ਅਪਲਾਈ ਕਰਨ ਵਾਲੇ ਉਮੀਦਵਾਰ ਵੀ ਸ਼ਾਮਲ ਹੋਏ। ਇਸ ਮੌਕੇ ਆਂਗਰਾ ਵੱਲੋਂ ਬਕਾਇਆ ਕੇਸਾਂ ਨੂੰ ਉਮੀਦਵਾਰ ਵਾਈਜ਼ ਬੁਲਾ ਕੇ ਉਨ੍ਹਾਂ ਦੇ ਪੈਂਡਿੰਗ ਕੇਸ ਦੀ ਵਰਤਮਾਨ ਸਥਿਤੀ ਬਾਰੇ ਪੁੱਿਛਆ ਗਿਆ ਅਤੇ ਸਬੰਧਤ ਬੈਂਕ ਬਰਾਂਚ ਤੋਂ ਜਿਨ੍ਹਾਂ ਕਾਰਨਾਂ ਕਰਕੇ ਲੋਨ ਪੈਂਡਿਗ/ਰਿਜੈਕਟ ਹੈ, ਬਾਰੇ ਸਪੱਸ਼ਟੀਕਰਨ ਮੰਗਿਆ ਗਿਆ। ਉਨ੍ਹਾਂ ਸਾਰੇ ਬੈਂਕ ਮੈਨੇਜਰਾਂ ਨੂੰ ਹਦਾਇਤ ਕੀਤੀ ਕਿ ਸਵੈ-ਰੁਜ਼ਗਾਰ ਸਕੀਮਾਂ ਤਹਿਤ ਲੋਨ ਦੇ ਕੇਸਾਂ ਦਾ ਪਹਿਲ ਦੇ ਆਧਾਰ 'ਤੇ ਨਿਪਟਾਰਾ ਕੀਤਾ ਜਾਵੇ, ਤਾਂ ਜੋ ਕੋਵਿਡ ਦੇ ਵਰਤਮਾਨ ਸਮੇਂ ਵਿਚ ਉਮੀਦਵਾਰ ਸਨਮਾਨ ਨਾਲ ਆਪਣੀ ਰੋਜ਼ੀ-ਰੋਟੀ ਕਮਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੇਰੋਜ਼ਗਾਰੀ ਖਿਲਾਫ਼ ਛੇੜੀ ਮੁਹਿੰਮ ਦੀ ਕੜੀ ਵਜੋਂ ਸਵੈ-ਰੁਜ਼ਗਾਰ 'ਤੇ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਉਮੀਦਵਾਰਾਂ ਨੂੰ ਵੀ ਕਿਹਾ ਕਿ ਲੋਨ ਪ੍ਰਕਿਰਿਆ ਲਈ ਸਾਰੇ ਲੋੜੀਂਦੇ ਦਸਤਾਵੇਜ਼ ਬੈਂਕਾਂ ਨੂੰ ਉਪਲਬੱਧ ਕਰਵਾਏ ਜਾਣ ਅਤੇ ਬੈਂਕਾਂ ਦੀਆਂ ਕਿਸ਼ਤਾਂ ਸਮੇਂ ਸਿਰ ਦਿੱਤੀਆਂ ਜਾਣ। ਇਸ ਮੌਕੇ ਜ਼ਿਲ੍ਹਾ ਰੁਜ਼ਗਾਰ ਤੇ ਟ੍ਰੇਨਿੰਗ ਅਫ਼ਸਰ ਨੀਲਮ ਮਹੇ, ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸੁਖਪਾਲ ਸਿੰਘ, ਲੀਡ ਜ਼ਿਲ੍ਹਾ ਮੈਨੇਜਰ ਦਰਸ਼ਨ ਲਾਲ ਭੱਲਾ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਹਾਜ਼ਰ ਸਨ।