ਜੇਐੱਨਐੱਨ, ਫਗਵਾੜਾ : ਫਗਵਾੜਾ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਸੌਰਭ ਖੁੱਲਰ ਜ਼ਿਲ੍ਹਾ ਯੂਥ ਕਾਂਗਰਸ ਦੀ ਪ੍ਰਧਾਨਗੀ ਲਈ ਹੋਈਆਂ ਚੋਣਾਂ 'ਚ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਬੇਟੇ ਹਰਨੂਰ ਸਿੰਘ ਮਾਨ ਨੂੰ ਹਰਾ ਕੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਬਣ ਗਏ। ਇਸ ਤੋਂ ਇਲਾਵਾ ਕਰਮਦੀਪ ਕੰਮਾ ਫਗਵਾੜਾ ਦੇ ਯੂਥ ਪ੍ਰਧਾਨ ਵਜੋਂ ਚੁਣੇ ਗਏ ਹਨ। ਜ਼ਿਲ੍ਹਾ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਸੌਰਭ ਖੁੱਲਰ ਤੇ ਕਰਮਦੀਪ ਕੰਮਾ ਸਥਾਨਕ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਕਰੀਬੀ ਮੰਨੇ ਜਾਂਦੇ ਹਨ। ਜ਼ਿਲ੍ਹਾ ਯੂਥ ਕਾਂਗਰਸ ਦੀ ਪ੍ਰਧਾਨਗੀ ਲਈ ਸੌਰਭ ਖੁੱਲਰ ਤੇ ਹਰਨੂਰ ਸਿੰਘ ਮਾਨ ਵਿਚਕਾਰ ਸਿੱਧਾ ਮੁਕਾਬਲਾ ਸੀ। ਹਾਲਾਂਕਿ ਬਲਜਿੰਦਰ ਸਿੰਘ ਵੀ ਪ੍ਰਧਾਨਗੀ ਦੀ ਚੋਣ ਲੜ ਰਹੇ ਸਨ। ਪਰ ਸੌਰਭ ਖੁੱਲਰ ਨੇ ਦੋਵਾਂ ਉਮੀਦਵਾਰਾਂ ਨੂੰ ਪਿੱਛੇ ਛੱਡ ਕੇ ਜਿੱਤ ਹਾਸਲ ਕੀਤੀ। ਉਥੇ ਹੀ ਦੂਜੇ ਪਾਸੇ ਫਗਵਾੜਾ ਯੂਥ ਪ੍ਰਧਾਨ ਲਈ ਦੂਜੇ ਪਾਸੇ ਤੋਂ ਕੋਈ ਹੋਰ ਉਮੀਦਵਾਰ ਖੜਾ ਨਾ ਹੋਣ ਕਾਰਨ ਕਰਮਦੀਪ ਕੰਮਾ ਦਾ ਪ੍ਰਧਾਨ ਬਣਨਾ ਤੈਅ ਸੀ। ਜ਼ਿਲ੍ਹਾ ਪ੍ਰਧਾਨਗੀ ਦੀਆਂ ਚੋਣਾਂ 'ਚ ਸੌਰਭ ਖੁੱਲਰ ਨੇ ਹਰਨੂਰ ਮਾਨ ਨੂੰ 74 ਵੋਟਾਂ ਨਾਲ ਹਰਾਇਆ। ਇਸ ਦੌਰਾਨ ਕੁਲ 1266 ਵੋਟਾਂ ਪਈਆਂ। ਇਸ 'ਚੋਂ ਸੌਰਭ ਖੁੱਲਰ ਨੂੰ 643 ਵੋਟਾਂ ਮਿਲੀਆਂ ਤੇ ਹਰਨੂਰ ਮਾਨ ਨੂੰ 569 ਵੋਟਾਂ ਮਿਲੀਆਂ। ਜਦਕਿ ਬਲਜਿੰਦਰ ਸਿੰਘ ਨੂੰ ਸਿਰਫ 54 ਵੋਟਾਂ ਹੀ ਹਾਸਲ ਹੋਈਆਂ। ਨਤੀਜੇ ਆਉਣ ਤੋਂ ਬਾਅਦ ਨਵਨਿਯੁਕਤ ਪ੍ਰਧਾਨ ਸੌਰਭ ਖੁੱਲਰ ਤੇ ਫਗਵਾੜਾ ਪ੍ਰਧਾਨ ਕਰਪਦੀਪ ਕੰਮਾ ਸਿੱਧੇ ਬਲਜਿੰਦਰ ਸਿੰਘ ਧਾਲੀਵਾਲ ਦੇ ਘਰ ਪੁੱਜੇ ਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਸੌਰਭ ਖੁੱਲਰ ਤੇ ਕਰਪਦੀਪ ਕੰਮਾ ਦੇ ਪ੍ਰਧਾਨ ਬਣਨ ਨਾਲ ਜ਼ਿਆਦਾ ਤੋਂ ਜ਼ਿਆਦਾ ਨੌਜਵਾਨ ਕਾਂਗਰਸ ਨਾਲ ਜੁੜਣਗੇ।