ਏਐੱਸਆਈ ਦੀ ਹੱਤਿਆ ਨਿੰਦਣਯੋਗ : ਕਾਲੀਆ
ਅੰਮ੍ਰਿਤਸਰ ਵਿੱਚ ਡਿਊਟੀ ਤੇ ਜਾ ਰਹੇ ਏਐਸਆਈ ਦੀ ਗੋਲੀ ਮਾਰਕੇ ਹੱਤਿਆ ਨਿੰਦਣਯੋਗ-ਕਾਲੀਆ
Publish Date: Sun, 24 May 2026 07:14 PM (IST)
Updated Date: Sun, 24 May 2026 07:16 PM (IST)
--ਪੰਜਾਬ ’ਚ ਪੁਲਿਸ ਮੁਲਾਜ਼ਮਾਂ ਦੀ ਸੁਰੱਖਿਆ ਗੰਭੀਰ ਚਿੰਤਾ ਦਾ ਵਿਸ਼ਾ : ਸ਼ਿਵ ਸੈਨਾ
--ਜਦੋਂ ਪੁਲਿਸ ਵਾਲਾ ਹੀ ਸੁਰੱਖਿਅਤ ਨਹੀਂ, ਤਾਂ ਆਮ ਲੋਕਾਂ ਦਾ ਕੀ ਹੋਵੇਗਾ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਕਪੂਰਥਲਾ : ਐਤਵਾਰ ਸਵੇਰੇ ਅੰਮ੍ਰਿਤਸਰ ਵਿਚ ਅਣਪਛਾਤੇ ਹਮਲਾਵਰਾਂ ਵੱਲੋਂ ਡਿਊਟੀ ’ਤੇ ਜਾ ਰਹੇ ਪੰਜਾਬ ਪੁਲਿਸ ਦੇ ਇਕ ਏਐੱਸਆਈ ਦੀ ਹੱਤਿਆ ਦੀ ਸਖ਼ਤ ਨਿੰਦਾ ਕਰਦੇ ਹੋਏ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾਈ ਬੁਲਾਰੇ ਓਮਕਾਰ ਕਾਲੀਆ ਨੇ ਕਿਹਾ ਕਿ ਇਸ ਕਤਲ ਨੇ ਪੂਰੇ ਪੰਜਾਬ ਰਾਜ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਕਾਲੀਆ ਨੇ ਪੰਜਾਬ ਵਿਚ ਪੁਲਿਸ ਕਰਮਚਾਰੀਆਂ ਤੇ ਕਾਨੂੰਨ ਵਿਵਸਥਾ ਦੀ ਸੁਰੱਖਿਆ ਬਾਰੇ ਆਪ ਸਰਕਾਰ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਪੰਜਾਬ ਦੀ ਸਥਿਤੀ ਆਮ ਲੋਕਾਂ ਦੀ ਦੁਰਦਸ਼ਾ ਨੂੰ ਦਰਸਾਉਂਦੀ ਹੈ ਜਿਥੇ ਕਾਨੂੰਨ ਦੀ ਰੱਖਿਆ ਕਰਨ ਵਾਲੇ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੁਲਿਸ ਕਰਮਚਾਰੀਆਂ ਦੀ ਸੁਰੱਖਿਆ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ, ਖਾਸ ਕਰਕੇ ਡਿਊਟੀ ਦੌਰਾਨ ਪੁਲਿਸ ਅਧਿਕਾਰੀਆਂ ’ਤੇ ਹੋਏ ਹਮਲਿਆਂ ਤੇ ਪਹਿਲਾਂ ਤੋਂ ਸੋਚੇ-ਸਮਝੇ ਕਤਲਾਂ ਤੋਂ ਬਾਅਦ। ਸੂਬੇ ਵਿਚ ਸੰਗਠਿਤ ਅਪਰਾਧ, ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਕੱਟੜਪੰਥੀ ਗਤੀਵਿਧੀਆਂ ਸਿੱਧੇ ਤੌਰ ’ਤੇ ਸੁਰੱਖਿਆ ਬਲਾਂ ਦੇ ਮਨੋਬਲ ਤੇ ਨਿੱਜੀ ਸੁਰੱਖਿਆ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਕਾਲੀਆ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸਖ਼ਤ ਆਲੋਚਨਾ ਕਰਦੇ ਹੋਏ ਦੋਸ਼ ਲਗਾਇਆ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਰਹੀ ਹੈ। ਉਨ੍ਹਾਂ ਕਿਹਾ ਕਿ ਏਐੱਸਆਈ ਦਾ ਕਤਲ ਪੰਜਾਬ ਵਿਚ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਦਰਸਾਉਂਦਾ ਹੈ। ਪੰਜਾਬੀ ਆਪਣੇ ਘਰਾਂ ਵਿਚ ਵੀ ਸੁਰੱਖਿਅਤ ਨਹੀਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੂੰ ਨੈਤਿਕ ਆਧਾਰ ’ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕਾਲੀਆ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ, ਰੋਜ਼ਾਨਾ ਗੋਲੀਬਾਰੀ, ਫਿਰੌਤੀ ਮੰਗਣ ਤੇ ਡਕੈਤੀਆਂ ਵਰਗੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਕਾਲੀਆ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਪੰਜਾਬ ਵਿਚ ਕੋਈ ਵੀ ਸੁਰੱਖਿਅਤ ਨਹੀਂ ਹੈ। ਸਰਕਾਰ ’ਤੇ ਅਯੋਗਤਾ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਿਰਫ਼ ਬਿਆਨਬਾਜ਼ੀ ਦੀ ਨਹੀਂ, ਕਾਰਵਾਈ ਦੀ ਲੋੜ ਹੈ। ਕਾਲੀਆ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਹਰ ਮੋਰਚੇ ’ਤੇ ਅਸਫਲ ਹੋ ਰਹੀ ਹੈ। ਅੱਜ ਹਾਲਾਤ ਅਜਿਹੇ ਹੋ ਗਏ ਹਨ ਕਿ ਅਪਰਾਧੀਆਂ ਦਾ ਕਾਨੂੰਨ ਤੋਂ ਡਰ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਜਦੋਂ ਦੇਸ਼ ਅਤੇ ਸਮਾਜ ਦੀ ਰੱਖਿਆ ਲਈ ਵਰਦੀਆਂ ਪਹਿਨਣ ਵਾਲੇ ਪੁਲਿਸ ਅਧਿਕਾਰੀ ਹੀ ਸੁਰੱਖਿਅਤ ਨਹੀਂ ਹਨ, ਤਾਂ ਆਮ ਲੋਕਾਂ ਦਾ ਕੀ ਬਣੇਗਾ?