ਅਜੈ ਕਨੌਜੀਆ, ਕਪੂਰਥਲਾ : ਪਟਿਆਲਾ ਹਿੰਸਾ ਦੌਰਾਨ ਇਕ ਨਿਹੰਗ ਸਿੰਘ ਵੱਲੋਂ ਮਾਂ ਭਗਵਤੀ 'ਤੇ ਅਭੱਦਰ ਟਿੱਪਣੀ ਕਰਨ ਵਾਲੇ ਮੁਲਜ਼ਮ ਦੀ ਗਿ੍ਫਤਾਰੀ ਨਹੀਂ ਹੋਣ 'ਤੇ ਸੋਮਵਾਰ ਨੂੰ ਸ਼ਿਵ ਸੈਨਿਕ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਭਰ 'ਚ ਭੁੱਖ ਹੜਤਾਲ 'ਤੇ ਬੈਠ ਗਏ । ਇਸ ਦੌਰਾਨ ਜ਼ਿਲ੍ਹਾ ਕਪੂਰਥਲਾ 'ਚ ਸ਼ਿਵ ਸੈਨਿਕਾਂ ਨੇ ਭੁੱਖ ਹੜਤਾਲ ਕਰ ਕੇ ਧਰਨਾ ਪ੍ਰਦਰਸ਼ਨ ਕੀਤਾ । ਉਨ੍ਹਾਂ ਦੀ ਇਹ ਭੁੱਖ ਹੜਤਾਲ ਦੁਪਹਿਰ 2 ਵਜੇ ਤਕ ਚੱਲੀ । ਇਸ ਮੌਕੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਭੁੱਖ ਹੜਤਾਲ 'ਤੇ ਬੈਠੇ 11 ਸ਼ਿਵ ਸੈਨਿਕਾਂ ਦੀ ਇੱਕ ਹੀ ਮੰਗ ਹੈ ਕਿ ਮੁਲਜ਼ਮ ਨੂੰ ਤੁਰੰਤ ਗਿ੍ਫਤਾਰ ਕੀਤਾ ਜਾਵੇ । ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਤੇ ਸੂਬਾ ਸਕੱਤਰ ਗੁਰਦੀਪ ਸੈਣੀ ਨੇ ਦੱਸਿਆ ਕਿ ਪਟਿਆਲਾ ਹਿੰਸਾ ਦੌਰਾਨ ਇਕ ਨਿਹੰਗ ਸਿੰਘ ਨੇ ਮਾਂ ਭਗਵਤੀ 'ਤੇ ਅਭੱਦਰ ਟਿੱਪਣੀ ਕਰ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ । ਚਾਹੇ ਇਸ ਮਾਮਲੇ 'ਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਲੇਕਿਨ ਹੁਣ ਤੱਕ ਮੁਲਜ਼ਮ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ ਹੈ । ਸ਼ਿਵ ਸੈਨਾ (ਬਾਲ ਠਾਕਰੇ) ਦੇ ਵੱਲੋਂ ਲਗਪਗ 4 ਦਿਨ ਪਹਿਲਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੁਲਜ਼ਮ ਦੀ ਗਿ੍ਫਤਾਰੀ ਲਈ 4 ਦਿਨ ਦਾ ਸਮਾਂ ਦਿੱਤਾ ਸੀ । ਜੋਕਿ ਹੁਣ ਪੂਰਾ ਹੋ ਚੁੱਕਿਆ ਹੈ ਲੇਕਿਨ ਪੁਲਿਸ ਹੁਣ ਤੱਕ ਮੁਲਜ਼ਮ ਨੂੰ ਗਿ੍ਫਤਾਰ ਕਰਨ 'ਚ ਕਾਮਯਾਬ ਨਹੀਂ ਹੋਈ ਹੈ । ਇਸ ਲਈ ਮਜਬੂਰਨ ਉਨ੍ਹਾਂ ਨੂੰ ਇੱਕ ਦਿਨ ਦੀ ਭੁੱਖ ਹੜਤਾਲ 'ਤੇ ਬੈਠਣਾ ਪੈ ਰਿਹਾ ਹੈ । ਕਾਲੀਆ ਨੇ ਕਿਹਾ ਕਿ ਬੀਤੇ ਕੁੱਝ ਦਿਨਾਂ ਤੋਂ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ ।

ਉਨ੍ਹਾਂ ਕਿਹਾ ਕਿ ਇੱਥੇ ਸਦੀਆਂ ਤੋਂ ਸਿੱਖ ਤੇ ਹਿੰਦੂ, ਸ਼ਾਂਤੀ ਤੇ ਭਾਈਚਾਰੇ ਦੀ ਭਾਵਨਾ ਦੇ ਨਾਲ ਰਹਿੰਦੇ ਆਏ ਹਨ । ਪੰਜਾਬ ਚੋਣਾਂ ਦੌਰਾਨ ਵੀ ਖਾਲਿਸਤਾਨ ਦਾ ਨਾਂ ਆਇਆ ਸੀ । ਦਿੱਲੀ 'ਚ ਕਿਸਾਨ ਅੰਦੋਲਨ ਹੋਇਆ ਤਾਂ ਵੀ ਖਾਲਿਸਤਾਨ ਸੰਗਠਨ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆ ਸੀ । ਵਿਦੇਸ਼ ਤੋਂ ਸੰਚਾਲਿਤ ਇਨ੍ਹਾਂ ਸੰਗਠਨਾਂ ਦੀਆਂ ਗਤੀਵਿਧੀਆਂ ਤੇ ਜਾਂਚ ਏਜੰਸੀ ਦੀ ਨਜ਼ਰ ਹੈ । ਉਨ੍ਹਾਂ ਕਿਹਾ ਕਿ ਐੱਨਆਈਏ ਨੇ ਖਾਲਿਸਤਾਨ ਦੇ ਮਾਮਲੇ 'ਚ ਕਾਰਵਾਈ ਕੀਤੀ ਹੈ । ਵਿਦੇਸ਼ ਤੋਂ ਸੰਚਾਲਿਤ ਇਸ ਸੰਗਠਨ ਦੀਆਂ ਗਤੀਵਿਧੀਆਂ ਤੇ ਜਾਂਚ ਏਜੰਸੀ ਦੀ ਨਜ਼ਰ ਹੈ । ਦੇਰ-ਸਵੇਰ ਇਸ ਸੰਗਠਨ ਦੇ ਅਹੁਦੇਦਾਰਾਂ 'ਤੇ ਗਾਜ ਡਿੱਗੇਗੀ । ਤਦ ਤੱਕ ਪੰਜਾਬ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਸਥਾਨਕ ਪੱਧਰ 'ਤੇ ਸ਼ਾਂਤੀਪੂਰਵਕ ਮਾਹੌਲ ਨੂੰ ਵਿਗੜਨ ਤੋਂ ਰੋਕਣਾ ਹੋਵੇਗਾ । ਗੁਰਦੀਪ ਸੈਣੀ ਨੇ ਕਿਹਾ ਅਸੀਂ ਪਹਿਲਾਂ ਵੀ ਲੋਕਾਂ ਨੂੰ ਕਿਹਾ ਸੀ ਕਿ ਪੰਜਾਬ ਦੂਜੇ ਸੂਬਿਆਂ ਤੋਂ ਵੱਖ ਹੈ । ਇਹ ਇੱਕ ਬਾਰਡਰ ਸਟੇਟ ਹੈ। ਕਿਸੇ ਅਨਾੜੀ ਆਦਮੀ ਦੇ ਹੱਥ 'ਚ ਸਰਕਾਰ ਨਾ ਦਿਓ । ਮੌਜੂਦਾ ਸੀਐੱਮ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਨੂੰ ਕਰਨਾ ਕੀ ਹੈ । ਪੰਜਾਬ 'ਚ ਲਾਅ ਐਂਡ ਆਰਡਰ ਦੀ ਹਾਲਤ ਖ਼ਰਾਬ ਹੋਣ ਤੋਂ ਬਾਅਦ ਹੁਣ ਭਗਵੰਤ ਮਾਨ ਨੂੰ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੂੰ ਖ਼ੁਸ਼ ਕਰਨ ਦੀ ਬਜਾਏ, ਪੰਜਾਬ 'ਤੇ ਧਿਆਨ ਦੇਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇੱਥੇ ਦੇ ਲੋਕ ਸ਼ਾਂਤੀਪੂਰਵਕ ਹਨ । ਪੰਜਾਬ ਪੁਲਿਸ ਇਸ ਮਾਮਲੇ 'ਚ ਸਖ਼ਤ ਕਾਰਵਾਈ ਕਰੇ ਤੇ ਕਾਨੂੰਨ-ਵਿਵਸਥਾ ਵਿਗੜਨ ਨਾ ਦੇਵੇ । ਸੈਣੀ ਨੇ ਕਿਹਾ ਕਿ ਪੰਜਾਬ ਪੁਲਿਸ, ਦਿੱਲੀ 'ਚ ਡਿਕਟੇਸ਼ਨ ਲੈ ਰਹੀ ਹੈ । ਉਸ ਨੂੰ ਸੂਬੇ ਨਾਲ ਕੁੱਝ ਲੈਣਾ ਦੇਣਾ ਨਹੀਂ ਹੈ । ਸਾਨੂੰ ਸਾਰੇ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਲੋਕਾਂ ਖ਼ਿਲਾਫ਼ ਪੁਲਿਸ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਸ਼ਾਂਤ ਹੈ ਤੇ ਹਿੰਦੂ-ਸਿੱਖ ਭਾਈਚਾਰਾ ਮਿਲ ਕੇ ਰਹਿ ਰਿਹਾ ਹੈ,ਲੇਕਿਨ ਬਾਹਰ ਬੈਠੇ ਕੁੱਝ ਲੋਕਾਂ ਦਾ ਸ਼ੁਰੂ ਤੋਂ ਹੀ ਮਨਸੂਬਾ ਰਿਹਾ ਹੈ ਕਿ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾਵੇ, ਲੇਕਿਨ ਸ਼ਿਵ ਸੈਨਾ ਪੰਜਾਬ ਦਾ ਮਾਹੌਲ ਖ਼ਰਾਬ ਨਹੀਂ ਹੋਣ ਦੇਵੇਗੀ ।

ਅੱਜ ਦੀ ਭੁੱਖ ਹੜਤਾਲ ਤੋਂ ਬਾਅਦ ਅੱਗੇ ਕੀ ਕਰਨਾ ਹੈ, ਇਸ ਦਾ ਫ਼ੈਸਲਾ ਲੈਣਗੇ। ਇਸ ਮੌਕੇ ਸ਼ਿਵ ਸੈਨਾ ਦੇ ਸ਼ਹਿਰੀ ਪ੍ਰਧਾਨ ਧਰਮਿੰਦਰ ਕਾਕਾ, ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਯੋਗੇਸ਼ ਸੋਨੀ, ਜ਼ਿਲ੍ਹਾ ਉਪ ਪ੍ਰਧਾਨ ਬਲਬੀਰ ਡੀਸੀ, ਸੋਸ਼ਲ ਮੀਡੀਆ ਆਈਟੀ ਵਿੰਗ ਦੇ ਜ਼ਿਲ੍ਹਾ ਇੰਚਾਰਜ ਅਵਿਨਾਸ਼ ਸ਼ਰਮਾ, ਜ਼ਿਲ੍ਹਾ ਪ੍ਰਰੈਸ ਸਕੱਤਰ ਲਵਲੇਸ਼ ਢੀਂਗਰਾ, ਦੀਪਕ ਵਿਗ, ਸੰਜੈ ਵਿਗ, ਹਰਦੇਵ ਰਾਜਪੂਤ, ਮਿੰਟੂ ਗੁਪਤਾ, ਸੰਜੀਵ ਖੰਨਾ, ਕਰਨ ਜੰਗੀ, ਸੁਰਿੰਦਰ ਲਾਡੀ, ਵਿਸ਼ਾਲ ਕੰਡਾ, ਗਗਨ ਜਲੋਟਾ, ਰੁਪੇਸ਼ ਧੀਰ, ਟੀਟੂ ਪੇਂਟਰ, ਸਪਤ ਅਲੀ ਆਦਿ ਮੌਜੂਦ ਸਨ।