ਅਮਨਜੋਤ ਸਿੰਘ ਵਾਲੀਆ, ਕਪੂਰਥਲਾ

ਕਪੂਰਥਲਾ ਸਿਵਲ ਹਸਪਤਾਲ ਦੇ ਇਕ ਡਾਕਟਰ 'ਤੇ ਇਕ ਮਹਿਲਾ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਦੋਸ਼ ਲਾਉਂਦੇ ਹੋਏ ਸੋਸ਼ਲ ਮੀਡੀਆ ਪਲੇਫਟਾਰਮ 'ਤੇ ਇਕ ਵੀਡਿਓ ਵਾਇਰਲ ਕੀਤੀ ਹੈ, ਜਿਸ 'ਚ ਉਨ੍ਹਾਂ ਸਬੰਧਤ ਡਾਕਟਰ 'ਤੇ ਕਥਿਤ ਪੈਸੇ ਲੈਣ ਦੇ ਦੋਸ਼ ਲਾਏ ਹਨ ਅਤੇ ਪੈਸੇ ਘੱਟ ਦੇਣ 'ਤੇ ਆਪੇ੍ਸ਼ਨ ਨੂੰ ਅੱਧ ਵਿਚਕਾਰ ਛੱਡਣ ਦੀ ਗੱਲ ਕਹੀ ਹੈ। ਹਾਲਾਂਕਿ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸੰਦੀਪ ਧਵਨ ਨੇ ਇਸ ਸਬੰਧੀ ਫੋਨ 'ਤੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ, ਉਥੇ ਹੀ ਜਾਂਚ ਕਰ ਕੇ ਕਾਰਵਾਈ ਕਰਨ ਦੀ ਵੀ ਗੱਲ ਕਹੀ ਹੈ।

ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀਡਿਓ ਵਾਇਰਲ ਕਰਨ ਵਾਲੇ ਸੰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਲਾਹੌਰੀ ਗੇਟ ਨੇ ਫੋਨ 'ਤੇ ਹੋਈ ਗੱਲਬਾਤ 'ਚ ਦੱਸਿਆ ਕਿ ਉਸ ਦੀ ਭੈਣ ਊਸ਼ਾ ਪਤਨੀ ਵਿਜੇ ਕੁਮਾਰ ਬੁੱਧਵਾਰ ਨੂੰ ਦੁਪਹਿਰ ਸਿਵਲ ਹਸਪਤਾਲ ਦੇ ਗਾਇਨੀ ਵਾਰਡ 'ਚ ਦਾਖਲ ਹੋਈ ਸੀ। ਸਬੰਧਤ ਡਾਕਟਰ ਨੇ ਅਪੇ੍ਸ਼ਨ ਕਰਨ ਲਈ ਪੈਸੇ ਦੀ ਕਥਿਤ ਮੰਗ ਕੀਤੀ ਤੇ ਪੈਸੇ ਪੂਰੇ ਨਾ ਦੇਣ ਦੀ ਸੂਰਤ 'ਚ ਡਾਕਟਰ ਨੇ ਆਪੇ੍ਸ਼ਨ ਵਿਚਕਾਰ ਹੀ ਛੱਡਣ ਲਈ ਕਿਹਾ ਤੇ ਬਾਹਰ ਆ ਕੇ ਉਨ੍ਹਾਂ ਨੂੰ ਕਿਹਾ ਕਿ ਪੈਸੇ ਦੇ ਦਿਓ ਨਹੀਂ ਤਾਂ ਅੰਮਿ੍ਤਸਰ ਰੈਫਰ ਕਰ ਦਿੱਤਾ ਜਾਵੇਗਾ। ਇਹੀ ਗੱਲ ਉਸਨੇ ਵਾਇਰਲ ਵੀਡਿਓ 'ਚ ਕਹੀ।

ਇਸ ਸਬੰਧੀ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਸੰਦੀਪ ਧਵਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਵੀਡੀਓ ਵਾਇਰਲ ਹੋਣ ਮਗਰੋਂ ਸਬੰਧਤ ਵਿਅਕਤੀ ਵੱਲੋਂ ਫੋਨ 'ਤੇ ਸ਼ਿਕਾਇਤ ਮਿਲੀ ਸੀ। ਮਹਿਲਾ ਮਰੀਜ਼ ਦਾ ਆਪੇ੍ਸ਼ਨ ਹੋ ਚੁੱਕਿਆ ਹੈ ਤੇ ਜੱਚਾ-ਬੱਚਾ ਦੋਵੇਂ ਸਿਹਤਮੰਦ ਹਨ। ਉਥੇ ਹੀ ਉਨ੍ਹਾਂ ਕਿਹਾ ਕਿ ਉਕਤ ਮਾਮਲੇ 'ਚ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। ਜੇਕਰ ਕੋਈ ਕਰਮਚਾਰੀ ਜਾਂ ਡਾਕਟਰ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।