ਹਰਨੇਕ ਸਿੰਘ ਜੈਨਪੁਰੀ, ਕਪੂਰਥਲਾ : 'ੴ ਸਤਿ ਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੁਰਿਤ ਅਜੂਨੀ ਸੈਭੰ ਗੁਰ ਪ੍ਰਸਾਦਿ' ਇਹ ਸਿੱਖ ਧਰਮ ਦਾ ਮੂਲ ਮੰਤਰ ਹੈ। ਗੁਰੂ ਨਾਨਕ ਦੇਵ ਜੀ ਨੇ ਪੰਜਾਬ ਦੇ ਸੁਲਤਾਨਪੁਰ ਲੋਧੀ 'ਚ ਪਵਿੱਤਰ ਕਾਲੀ ਵੇਈਂ ਕਿਨਾਰੇ ਸਿੱਖ ਧਰਮ ਦੇ ਇਸ ਮੂਲ ਮੰਤਰ ਦਾ ਉਚਾਰਨ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੁਨਿਆਦ ਰੱਖੀ ਸੀ। ਹੁਣ ਇੱਥੇ ਸਿੱਖ ਧਰਮ ਨਾਲ ਜੁੜੀ ਹਰ ਜਾਣਕਾਰੀ ਮਿਲੇਗੀ। ਗੁਰੂ ਜੀ ਦੀ 99 ਸ਼ਹਿਰਾਂ ਦੀ ਯਾਤਰਾ ਹੋਵੇ ਜਾਂ ਸਿੱਖ ਧਰਮ ਨਾਲ ਜੁੜੀ ਕੋਈ ਵੀ ਜਾਣਕਾਰੀ...ਸਭ ਕੁਝ ਇੱਥੇ ਮਿਲੇਗਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਇਸ ਥਾਂ ਚਾਰ ਮੰਜ਼ਿਲਾ ਮੂਲ ਮੰਤਰ ਇਮਾਰਤ ਦਾ ਨਿਰਮਾਣ ਕਰਵਾ ਰਹੀ ਹੈ। ਇਸ ਦੀਆਂ ਅਲੱਗ-ਅਲੱਗ ਮੰਜ਼ਿਲਾਂ 'ਤੇ ਸਿੱਖ ਧਰਮ ਨਾਲ ਜੁੜੀਆਂ ਜਾਣਕਾਰੀਆਂ ਹੋਣਗੀਆਂ। ਇੱਥੇ ਵੱਖ-ਵੱਖ ਤਰੀਕੇ ਦੇ ਖੋਜ ਕਾਰਜ ਵੀ ਹੋਣਗੇ। ਕਾਬਿਲੇਗ਼ੌਰ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ 13 ਦਿਨ ਦਾ ਸਮਾਂ ਸੁਲਤਾਨਪੁਰ ਲੋਧੀ 'ਚ ਬਤੀਤ ਕੀਤਾ। ਇੱਥੋਂ ਦੀ ਧਰਤੀ 'ਤੇ ਉਨ੍ਹਾਂ ਮੂਲ ਮੰਤਰ ਦਾ ਉਚਾਰਨ ਕੀਤਾ ਅਤੇ ਵਿਸ਼ਵ ਕਲਿਆਣ ਲਈ ਉਦਾਸੀਆਂ ਸ਼ੁਰੂ ਕੀਤੀਆਂ ਸਨ।

ਪੂਰੀ ਦੁਨੀਆ 'ਚ ਫੈਲੇਗਾ ਗੁਰਬਾਣੀ ਦਾ ਗਿਆਨ

ਕਰੀਬ 20 ਕਰੋੜ ਦੀ ਲਾਗਤ ਨਾਲ ਬਣ ਰਹੀ ਮੂਲ ਮੰਤਰ ਇਮਾਰਤ ਨਾਲ ਗੁਰਬਾਣੀ ਦੇ ਗਿਆਨ ਦਾ ਚਾਨਣ ਪੂਰੀ ਦੁਨੀਆ ਨੂੰ ਰੁਸ਼ਨਾਏਗਾ। ਇੱਥੇ ਗੁਰਬਾਣੀ ਸਬੰਧੀ ਖੋਜ ਕਾਰਜ ਹੋਣਗੇ। ਬਾਣੀ ਸਿਧਾਂਤ ਅਤੇ ਫ਼ਲਸਫ਼ੇ ਨੂੰ ਪ੍ਰਚਾਰਤ ਕੀਤਾ ਜਾਵੇਗਾ ਤਾਂ ਜੋ ਲੋਕਾਂ 'ਚ ਮਾਨਵ ਹਿੱਤ ਲਈ ਕਾਰਜ ਕਰਨ ਦੀ ਭਾਵਨਾ ਭਰੀ ਜਾ ਸਕੇ। ਇਮਾਰਤ ਦੀ ਪਹਿਲੀ ਮੰਜ਼ਿਲ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਨੂੰ ਸਮਰਪਿਤ ਹੋਵੇਗੀ। ਗੁਰੂ ਜੀ ਨੇ 1500 ਈ. 'ਚ ਸੁਲਤਾਨਪੁਰ ਲੋਧੀ ਤੋਂ ਪਹਿਲੀ ਉਦਾਸੀ ਸ਼ੁਰੂ ਕੀਤੀ। ਇਸ ਤਹਿਤ ਗੋਇੰਦਵਾਲ, ਅੰਮ੍ਰਿਤਸਰ ਤੋਂ ਏਮਨਾਬਾਦ, ਗੁਜਰਾਂਵਾਲਾ, ਲਾਹੌਰ, ਕਾਸੂਰ ਤੋਂ ਪਿਹੋਵਾ, ਕਰਨਾਲ, ਹਰਿਦੁਆਰ, ਵ੍ਰਿੰਦਾਵਨ, ਮਥੁਰਾ, ਗੁਹਾਟੀ ਆਦਿ ਕਰੀਬ 99 ਸ਼ਹਿਰਾਂ ਤੋਂ ਹੋ ਕੇ 1505 ਈ. ਨੂੰ ਸੁਲਤਾਨਪੁਰ ਲੋਧੀ ਵਾਪਸ ਆਏ ਸਨ। ਗੁਰੂ ਜੀ ਦੇ ਇਸ ਸਾਰੇ ਸਫ਼ਰ ਨੂੰ ਚਿੱਤਰਾਂ ਜ਼ਰੀਏ ਦਰਸਾਇਆ ਜਾਵੇਗਾ। ਸ਼ਰਧਾਲੂ ਇਕ ਕਲਿੱਕ 'ਤੇ ਡਿਜੀਟਲ ਰੂਪ 'ਚ ਪੂਰੇ ਸਿੱਖ ਇਤਿਹਾਸ ਨਾਲ ਰੂਬਰੂ ਹੋ ਸਕਣਗੇ।

13 ਫੁੱਟ ਹੋਵੇਗੀ ਉਚਾਈ

ਕਾਰ ਸੇਵਾ ਦੀ ਦੇਖਭਾਲ ਕਰ ਰਹੇ ਭਾਈ ਸਤਨਾਮ ਸਿੰਘ ਨੇ ਦੱਸਿਆ ਕਿ ਇਮਾਰਤ ਦੀ ਨੀਂਹ 20 ਫੁੱਟ ਡੂੰਘੀ ਹੈ। ਇਸ ਨੂੰ ਗੋਲਾਕਾਰ ਬਣਾਇਆ ਜਾ ਰਿਹਾ ਹੈ। ਹਰੇਕ ਮੰਜ਼ਿਲ ਦੀ ਉਚਾਈ 13 ਫੁੱਟ ਹੋਵੇਗੀ। ਇਮਾਰਤ ਅੰਦਰ 20 ਫੁੱਟ ਘੇਰੇ 'ਚ 13-13 ਫੁੱਟ ਚੌੜੀ ਜਗ੍ਹਾ 'ਚ ਪਾਣੀ ਦਾ ਪ੍ਰਵਾਹ ਹੋਵੇਗਾ, ਜਿਸ ਦਾ ਨਿਕਾਸ ਪਵਿੱਤਰ ਕਾਲੀ ਵੇਈਂ 'ਚ ਹੋਵੇਗਾ। ਇਸ ਥਾਂ ਕੁੱਲ 13 ਗੈਲਰੀਆਂ ਬਣਨਗੀਆਂ। ਵਿਚਕਾਰਲੇ ਹਿੱਸੇ ਨੂੰ ਉੱਪਰੀ ਮੰਜ਼ਿਲ ਤਕ ਬਿਲਕੁਲ ਖਾਲੀ ਰੱਖਿਆ ਜਾਵੇਗਾ। ਉਪਰੋਂ ਹੇਠਾਂ ਸ਼ਾਨਦਾਰ ਲਾਈਟਾਂ ਨਾਲ ਖ਼ੂਬਸੂਰਤੀ ਪ੍ਰਦਾਨ ਕੀਤੀ ਜਾਵੇਗੀ। ਲਗਪਗ 65 ਫੁੱਟ ਉੱਚੀ ਇਸ ਇਮਾਰਤ 'ਚ ਸਭ ਤੋਂ ਉੱਪਰ ਗੁੰਬਦ ਬਣੇਗਾ। ਇਸ ਦਾ ਡਿਜ਼ਾਈਨ ਇੰਜੀਨੀਅਰ ਬਾਬਾ ਮਹਿੰਦਰ ਸਿੰਘ ਯੂਕੇ ਵਾਲਿਆਂ ਨੇ ਤਿਆਰ ਕੀਤਾ ਹੈ। ਭਾਈ ਇੰਦਰਜੀਤ ਸਿੰਘ ਬਿੱਟੂ ਨੇ ਦੱਸਿਆ ਕਿ ਇਮਾਰਤ ਪੂਰੀ ਤਰ੍ਹਾਂ ਡਿਜੀਟਲਾਈਜ਼ ਹੋਵੇਗੀ। ਟੱਚ ਸਕ੍ਰੀਨ ਜ਼ਰੀਏ ਸ਼੍ਰੀ ਇਤਿਹਾਸ ਬਾਰੇ ਜਾਣ ਸਕੋਗੇ। ਚਿੱਤਰਾਂ ਜ਼ਰੀਏ ਵੀ ਸਿੱਖ ਇਤਿਹਾਸ ਨੂੰ ਦਰਸਾਇਆ ਜਾਵੇਗਾ। ਭਾਈ ਸਤਨਾਮ ਦਾ ਅੰਦਾਜ਼ਾ ਹੈ ਕਿ ਪ੍ਰਕਾਸ਼ ਉਤਸਵ ਤਕ ਇਮਾਰਤ ਦਾ ਢਾਂਚਾ ਤਿਆਰ ਹੋ ਜਾਵੇਗਾ ਪਰ ਪੂਰੀ ਤਰ੍ਹਾਂ ਤਿਆਰ ਹੋਣ 'ਚ ਸਾਲ 2020 ਦੀ ਵਿਸਾਖੀ ਤਕ ਦਾ ਸਮਾਂ ਲੱਗ ਜਾਵੇਗਾ।

ਦੋ ਮੰਜ਼ਿਲਾਂ ਤਿਆਰ, ਤੀਸਰੀ ਦਾ ਲੈਂਟਰ ਪਾਇਆ

ਇਮਾਰਤ ਦਾ ਨਿਰਮਾਮ ਕਾਰਜ 18 ਅਕਤੂਬਰ 2018 ਨੂੰ ਸ਼ੁਰੂ ਹੋਇਆ ਹੈ। ਇਸ ਦੀਆਂ ਦੋ ਮੰਜ਼ਿਲਾਂ ਤਿਆਰ ਹੋ ਚੁੱਕੀਆਂ ਹਨ। ਤੀਜੀ ਮੰਜ਼ਿਲ ਦਾ ਲੈਂਟਰ ਪਾਇਆ ਗਿਆ ਹੈ। ਇਮਾਰਤ ਲਈ SGPC ਨੇ ਸਿਰਫ਼ ਜਗ੍ਹਾ ਮੁਹੱਈਆ ਕਰਵਾਈ ਹੈ। ਨਿਰਮਾਣ ਕਾਰਜ ਸ਼ਰਧਾਲੂਆਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਇਸ ਦੀ ਸੇਵਾ ਨਿਸ਼ਕਾਮ ਸੇਵਕ ਜੱਥਾ ਯੂਕੇ ਦੇ ਭਾਈ ਮਹਿੰਦਰ ਸਿੰਘ, ਕਿਲ੍ਹਾ ਆਨੰਦਗੜ੍ਹ, ਅਨੰਦਪੁਰ ਸਾਹਿਬ ਦੇ ਸੰਤ ਬਾਬਾ ਲਾਭ ਸਿੰਘ ਅਤੇ ਬਾਬਾ ਹਰਭਜਨ ਸਿੰਘ ਭਲਵਾਨ ਨਿਭਾ ਰਹੇ ਹਨ।

Posted By: Seema Anand