ਜੇਐੱਨਐੱਨ, ਸੁਲਤਾਨਪੁਰ ਲੋਧੀ : ਬੁੱਧਵਾਰ ਸਵੇਰੇ ਸੰਘਣੀ ਦੁੰਦ ਕਾਰਨ ਅਕਾਲ ਅਕੈਡਮੀ ਸਕੂਲ ਦੀ ਬੱਸ ਬੂਸੋਵਾਲ ਰੋਡ 'ਤੇ ਸਾਹਮਣੇ ਆ ਰਹੇ ਟਰੱਕ ਨੂੰ ਬਚਾਉਣ ਦੇ ਚੱਕਰ 'ਚ ਖੇਤਾਂ 'ਚ ਪਲਟ ਗਈ। ਹਾਦਸੇ 'ਚ ਬੱਸ 'ਚ ਸਵਾਰ ਕਰੀਬ 40-50 ਬੱਚੇ ਵਾਲ਼-ਵਾਲ਼ ਬੱਚ ਗਏ। ਕੁੱਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮੌਕੇ 'ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਬੱਸ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਤੇ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚਾਇਆ। ਪੁਲਿਸ ਨੇ ਮੌਕੇ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅਕਾਲ ਅਕੈਡਮੀ, ਸੁਲਤਾਨਪੁਰ ਲੋਧੀ ਦੀ ਇਹ ਬੱਸ ਰੋਜ਼ਾਨਾ ਵਾਂਗ ਮੰਡ ਤੇ ਬੂਸੋਵਾਲ ਖੇਤਰ ਦੇ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ। ਸਵੇਰੇ ਸੰਘਣੀ ਧੁੰਦ ਪੈ ਰਹੀ ਸੀ। ਇਸੇ ਕਾਰਨ ਬੱਸ ਡਰਾਈਵਰ ਨੂੰ ਸਾਹਮਣਿਓਂ ਆ ਰਿਹਾ ਇੱਟਾਂ ਨਾਲ ਭਰਿਆ ਟਰੱਕ ਨਜ਼ਰ ਨਹੀਂ ਆਇਆ। ਟਰੱਕ ਇਕਦਮ ਸਾਹਮਣੇ ਆਉਣ 'ਤੇ ਉਸ ਨੇ ਬੱਸ ਨੂੰ ਸਾਈਡ 'ਤੇ ਲਾਹ ਲਿਆ। ਇਸ ਕਾਰਨ ਉਹ ਖੇਤ 'ਚ ਪਲਟ ਗਈ। ਹਾਦਸਾ ਹੁੰਦੇ ਹੀ ਬੱਸ ਅੰਦਰ ਬੱਚੇ ਇਕ-ਦੂਸਰੇ ਉੱਤੇ ਡਿੱਗ ਪਏ ਤੇ ਚੀਕ-ਚਿਹਾੜਾ ਮੱਚ ਗਿਆ। ਬੱਚਿਆਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਦੌੜਦੇ ਹੋਏ ਉਨ੍ਹਾਂ ਦੀ ਮਦਦ ਲਈ ਪਹੁੰਚੇ। ਉਨ੍ਹਾਂ ਬੱਸ ਦੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ।

ਹਾਦਸੇ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਸਰਵਨ ਸਿੰਘ ਬਲ ਮੌਕੇ 'ਤੇ ਪਹੁੰਚੇ। 4-5 ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚਾਇਆ ਗਿਆ ਹੈ। ਡਾਕਟਰਾਂ ਅਨੁਸਾਰ ਸਾਰੇ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਉਨ੍ਹਾਂ ਨੂੰ ਮਾਮੂਲੀ ਝਰੀਟਾਂ ਲੱਗੀਆਂ ਹਨ। ਬਾਅਦ 'ਚ ਕਈ ਮਾਪੇ ਵੀ ਘਟਨਾ ਵਾਲੀ ਥਾਂ ਪਹੁੰਚ ਗਏ ਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਦੇਖ ਕੇ ਉਨ੍ਹਾਂ ਦੀ ਜਾਨ 'ਚ ਜਾਨ ਆਈ।

ਲੋਕਾਂ ਨੇ ਡਰਾਈਵਰ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ

ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਦਬੋਚ ਲਿਆ। ਪੁਲਿਸ ਨੇ ਦੋਵਾਂ ਡਰਾਈਵਰਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਡਰਾਈਵਰ ਪ੍ਰੀਤਮ ਸਿੰਘ ਦਾ ਕਹਿਣਾ ਹੈ ਕਿ ਟੱਕਰ ਤੋਂ ਬਚਣ ਲਈ ਬੱਸ ਨੂੰ ਸੜਕ ਕਿਨਾਰੇ ਕੱਚੀ ਜ਼ਮੀਨ 'ਤੇ ਉਤਾਰ ਦਿੱਤਾ। ਅਚਾਨਕ ਕੱਟ ਲੱਗਣ ਕਾਰਨ ਬੱਸ ਬੇਕਾਬੂ ਹੋ ਗਈ ਤੇ ਬਿਜਲੀ ਦਾ ਖੰਭਾ ਤੋੜਤੀ ਹੋਈ ਖੇਤਾਂ 'ਚ ਪਲਟ ਗਈ।

Posted By: Seema Anand