ਕੁਲਬੀਰ ਮਿੰਟੂ, ਸੁਲਤਾਨਪੁਰ ਲੋਧੀ : ਬੀਤੇ ਦਿਨ ਲੌਂਗੋਵਾਲ ਵਿਖੇ ਇਕ ਸਕੂਲੀ ਵੈਨ ਨੂੰ ਅੱਗ ਲੱਗਣ ਕਾਰਨ ਬੱਚਿਆਂ ਦੀਆਂ ਮੌਤਾਂ ਤੋਂ ਬਾਅਦ ਪ੍ਰਸ਼ਾਸਨ ਜਾਗ ਉੱਠਿਆ ਹੈ। ਸੇਫ ਸਕੂਲ ਵਾਹਨ ਸਕੀਮ ਤਹਿਤ ਡੀਐੱਸਪੀ ਸਰਵਨ ਸਿੰਘ ਬੱਲ ਵਲੋਂ ਦਿੱਤੇ ਨਿਰਦੇਸ਼ਾਂ ਤਹਿਤ ਐੱਸਅਐੱਚਓ ਸਰਬਜੀਤ ਸਿੰਘ ਦੀ ਨਿਗਰਾਨੀ ਹੇਠ ਸੁਲਤਾਨਪੁਰ ਲੋਧੀ ਦੀ ਪੁਲਿਸ ਵਲੋਂ ਸਕੂਲੀ ਬੱਸਾਂ ਦੀ ਚੈਕਿੰਗ ਮੁਹਿੰਮ ਚਲਾਈ ਅਤੇ ਉਲੰਘਣਾ ਕਰਨ ਵਾਲੀਆਂ 17 ਸਕੂਲੀ ਬੱਸਾਂ ਦੇ ਚਲਾਨ ਕੀਤੇ ਅਤੇ 6 ਬੱਸਾਂ ਨੂੰ ਜ਼ਬਤ ਕੀਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀਆਂ ਜ਼ਿਆਦਾ ਫੀਸਾਂ ਲੈਣ ਦੇ ਬਾਵਜੂਦ ਵੀ ਸਕੂਲ ਪ੍ਰਸ਼ਾਸਨ ਵਲੋਂ ਬੱਚਿਆਂ ਨੂੰ ਟਰਾਂਸਪੋਰਟ ਸਬੰਧੀ ਵਿਸ਼ੇਸ਼ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਇੰਸਪੈਕਟਰ ਸਰਬਜੀਤ ਸਿੰਘ ਨੇ ਕਿਹਾ ਕਿ ਸਕੂਲੀ ਵਾਹਨਾਂ ਵਿਚ ਕਿਸੇ ਕਿਸਮ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੇ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਸਾਹਮਣੇ ਆਇਆ ਤਾਂ ਉਸ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਕਿਸੇ ਕਿਸਮ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਪੂਰੀ ਤਰ੍ਹਾਂ ਨਾਲ ਜਾਂਚ ਕਰਨ। ਉਪਰੰਤ ਹੀ ਆਪਣੇ ਬੱਚਿਆਂ ਨੂੰ ਸਕੂਲੀ ਵਾਹਨਾਂ 'ਤੇ ਭੇਜਣ। ਚੈਕਿੰਗ ਦੌਰਾਨ ਅੱਗ ਬੁਝਾਊ ਯੰਤਰ, ਫ਼ਸਟ ਏਡ ਬਾਕਸ, ਸਪੀਡ ਗਵਰਨਰ, ਸੀਸੀਟੀਵੀ ਕੈਮਰੇ, ਐਮਰਜੈਂਸੀ ਖਿੜਕੀਆਂ, ਸਕੂਲ ਬੈਗ ਰੱਖਣ ਲਈ ਸਹੀ ਪ੍ਰਬੰਧ, ਪਰਮਿਟ, ਬੱਚਿਆਂ ਦੇ ਬੈਠਣ ਲਈ ਸਹੀ ਸੀਟਾਂ ਦਾ ਪ੍ਰਬੰਧ ਆਦਿ ਡੁੰਘਾਈ ਨਾਲ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਬੱਸਾਂ ਅਤੇ ਸਕੂਲ ਨਾਮ ਅਤੇ ਨੰਬਰ 'ਤੇ ਸਕੂਲ ਦਾ ਨਾਮ ਅਤੇ ਫੋਨ ਨੰਬਰ ਪਿ੍ਰੰਟ ਹੋਣਾ ਜ਼ਰੂਰੀ ਹੈ। ਉਨ੍ਹਾਂ ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਕਿ ਸਕੂਲ ਬੱਸਾਂ 15 ਸਾਲ ਤੋਂ ਜ਼ਿਆਦਾ ਪੁਰਾਣੀਆਂ ਨਹੀਂ ਹੋਣੀਆਂ ਚਾਹੀਦੀਆਂ। ਇਸ ਮੌਕੇ ਸਿਟੀ ਚਾਰਜ ਦਲਵਿੰਦਰ ਸਿੰਘ, ਏਐੱਸਆਈ ਸਿੰਦਰਪਾਲ ਸਿੰਘ, ਤਰਸੇਮ ਲਾਲ, ਹਰਬਿੰਦਰ ਪਾਲ ਸਿੰਘ, ਪਾਲ ਸਿੰਘ ਏਐੱਸਆਈ, ਜੋਗਿੰਦਰ ਸਿੰਘ ਹਾਜ਼ਰ ਸਨ।