ਸੁਖਪਾਲ ਸਿੰਘ ਹੁੰਦਲ, ਕਪੂਰਥਲਾ : ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ ਸਰਕਾਰ ਦੀਆਂ ਸਕੂਲ ਵਾਹਨ ਪਾਲਿਸੀ ਦੀਆਂ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਜੇਕਰ ਕੋਈ ਸਕੂਲ ਮੈਨੇਜ਼ਮੈਂਟ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦੀ ਹੈ ਤਾਂ ਉਸ ਦੇ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਕਹਿਣਾ ਸੀ ਉਪ ਮੰਡਲ ਮੈਜਿਸਟ੍ਰੇਟ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ ਦਾ। ਜਿਨ੍ਹਾਂ ਵਲੋਂ ਸੰਗਰੂਰ ਦੀ ਸਕੂਲ ਬੱਸ 'ਚ ਵਾਪਰੇ ਦਰਦਨਾਕ ਤੇ ਬਹੁਤ ਹੀ ਨਿੰਦਣਯੋਗ ਘਟਨਾ ਤੋਂ ਬਾਅਦ ਦੂਜੇ ਦਿਨ ਵੀ ਕਪੂਰਥਲਾ ਸਬ-ਡਵੀਜ਼ਨ ਅਧੀਨ ਪੈਂਦੇ ਸਰਕਾਰੀ ਅਤੇ ਅਰਧ-ਸਰਕਾਰੀ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਟਰੈਿਫ਼ਕ ਇੰਚਾਰਜ਼ ਇੰਸਪੈਕਟਰ ਦੀਪਕ ਸ਼ਰਮਾ ਦੀ ਨਿਗਰਾਨੀ ਹੇਠ ਟਰੈਿਫ਼ਕ ਪੁਲਿਸ ਦੇ ਸਬ-ਇੰਸਪੈਕਟਰ ਦਰਸ਼ਨ ਸਿੰਘ ਅਤੇ ਹੋਰ ਟਰੈਫਿਕ ਪੁਲਿਸ ਕਰਮਚਾਰੀਆਂ ਨਾਲ ਐੱਸਡੀਐੱਮ ਬਾਜਵਾ ਵਲੋਂ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਕਰੀਬ 31 ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ 22 ਬੱਸਾਂ ਵਿਚ ਲੋੜੀਂਦੇ ਯੰਤਰ ਨਾ ਹੋਣ ਦਾ ਕਰਕੇ ਉਨ੍ਹਾਂ ਦੇ ਚਲਾਨ ਕੀਤੇ ਗਏ ਅਤੇ 3 ਬੱਸਾਂ ਨੂੰ ਬੰਦ ਵੀ ਕੀਤਾ ਗਿਆ। ਐੱਸਡੀਐੱਮ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਕਈ ਦਿਹਾਤੀ ਇਲਾਕਿਆਂ ਵਿਚ ਪ੍ਰਰਾਈਵੇਟ ਸਕੂਲਾਂ ਵਿਚ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਬੱਸਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਦੇ ਖਿਲਾਫ਼ ਆਉਣ ਵਾਲੇ ਦਿਨਾਂ ਵਿਚ ਉਨ੍ਹਾਂ ਵਲੋਂ ਚੈਕਿੰਗ ਕਰਦੇ ਹੋਏ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਧਿਆਨ ਵਿਚ ਕੋਈ ਵੀ ਬੱਸ ਇਸ ਤਰ੍ਹਾਂ ਦੀ ਆਉਂਦੀ ਹੈ ਜਿਸ ਵਿਚ ਲੋੜੀਂਦੇ ਯੰਤਰ ਨਹੀਂ ਹਨ, ਤਾਂ ਉਸ ਸਕੂਲ ਦੀ ਮੈਨੇਜ਼ਮੈਂਟ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐੱਸਡੀਐੱਮ ਬਾਜਵਾ ਨੇ ਕਿਹਾ ਕਿ ਸੰਗਰੂਰ ਵਿਚ ਵਾਪਰੀ ਬਹੁਤ ਹੀ ਦੁਖਦਾਈ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਜੇਕਰ ਕਿਸੇ ਸਕੂਲ ਦੀ ਮੈਨੇਜ਼ਮੈਂਟ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਉਲੰਘਣਾ ਕਰਦੀ ਹੈ ਤਾਂ ਉਸ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।