ਰੌਸ਼ਨ ਖੈੜਾ/ਅਰਸ਼ਦੀਪ ਸਿੰਘ ਸੁਲਤਾਨਪੁਰ ਲੋਧੀ : ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਪ੍ਰਕਾਸ਼ ਪੁਰਬ ਸਮਾਗਮਾਂ ਦੌਰਾਨ ਰਬਾਬ ਪੰਡਾਲ ਵਿਚ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਜਦੋਂ ਸੂਫੀਆਨਾ ਅੰਦਾਜ਼ 'ਚ ਬਾਬਾ ਨਾਨਕ ਜੀ ਦੀ ਉਸਤਤਿ ਕੀਤੀ ਤਾਂ ਸਾਰੀ ਸੰਗਤ ਰੂਹਾਨੀ ਰੰਗ ਵਿਚ ਰੰਗਿਆ ਗਿਆ ਤੇ ਸਾਰਾ ਪੰਡਾਲ ਦਰਸ਼ਕਾਂ ਦੀਆਂ ਤਾੜੀਆਂ ਨਾਲ ਗੂੰਜ ਉਠਿਆ। ਇਸ ਮਗਰੋਂ ਸੂਫੀ ਗੀਤ 'ਸਾਈਂ ਵੇ' ਨਾਲ ਸਤਿੰਦਰ ਸਰਤਾਜ ਨੇ ਸਮਾਂ ਬੰਨ੍ਹ•ਦਿੱਤਾ। ਸਤਿੰਦਰ ਸਰਤਾਜ ਨੇ ਜਿੱਥੇ 'ਮੈਂ ਗੁਰਮੁਖੀ ਦਾ ਬੇਟਾ, ਮੈਨੂੰ ਤੋਰਦੇ ਨੇ ਅੱਖਰ, ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ' ਗੀਤ ਨਾਲ ਗੁਰਮੁਖੀ ਦੀ ਲੋੜ ਨੂੰ ਟਹਿਕਣ ਲਾਇਆ, ਉੇਥੇ ਹੀ 'ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਦਾਤਾ ਨੇ ਸੁਖਾਲੇ ਕਰਤੇ' ਗੀਤ ਨਾਲ ਸਾਂਝੀਵਾਲਤਾ ਅਤੇ ਲੋੜਵੰਦਾਂ ਦੀ ਮਦਦ ਦਾ ਸੁਨੇਹਾ ਦਿੱਤਾ। ਰਬਾਬ ਪੰਡਾਲ ਵਿਚ ਸੰਗਤ ਦਾ ਠਾਠਾਂ ਮਾਰਦਾ ਇਕੱਠ ਇਨ੍ਹਾਂ ਰੂਹਾਨੀ ਪਲਾਂ ਦਾ ਗਵਾਹ ਬਣਿਆ ਤੇ ਦਰਸ਼ਕਾਂ ਦੀਆਂ ਤਾੜੀਆਂ ਦੀ ਤਾਲ ਨੇ ਆਲਮ ਗੂੰਜÎਣ ਲਾ ਦਿੱਤਾ। ਇਸ ਤੋਂ ਬਿਨਾਂ 'ਇਕ ਦਿਨ ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਜੀ', 'ਕੋਈ ਅਲੀ ਆਖੇ ਕੋਈ ਬਲੀ ਆਖੇ' ਤੇ 'ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ' ਸੰਗਤਾਂ ਦੀ ਕਚਿਹਰੀ 'ਚ ਹਾਜ਼ਰੀ ਭਰੀ। ਇਸ ਮੌਕੇ ਡਿਪਟੀ ਡਾਇਰੈਕਟਰ ਲੋਕਲ ਬਾਡੀ ਬਰਜਿੰਦਰ ਸਿੰਘ, ਐੱਸਡੀਐੱਮ ਡਾ. ਚਾਰੂਮਿਤਾ, ਮੇਲਾ ਅਫ਼ਸਰ ਨਵਨੀਤ ਕੌਰ ਬੱਲ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਸੰਗਤਾਂ ਨਾਲ ਬੈਠ ਕੇ ਧਾਰਮਿਕ ਗਾਇਣ ਦਾ ਆਨੰਦ ਉਠਾਇਆ। ਇਸ ਮੌਕੇ ਫਿਰੋਜਪੁਰ ਤੋਂ ਆਏ ਜਗਮੀਤ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਵੱਖ-ਵੱਖ ਪ੍ਰਰੋਗਰਾਮਾਂ ਰਾਹੀਂ 550 ਸਾਲਾ ਗੁਰਪੁਰਬ ਨੂੰ ਯਾਦਗਾਰੀ ਬਣਾ ਦਿੱਤਾ।