ਕੁਲਬੀਰ ਸਿੰਘ ਮਿੰਟੂ, ਸੁਲਤਾਨਪੁਰ ਲੋਧੀ

ਪਿੰਡ ਸਰਾਏਂ ਜੱਟਾ 'ਚ ਫਿਰਨੀ ਦੇ ਬੂਟਿਆਂ ਦੇ ਸਿਰ ਕਲਮ ਕਰਨ ਦੇ ਮਾਮਲੇ ਸਬੰਧੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੰਭੀਰ ਨੋਟਿਸ ਲੈਂਦਿਆਂ ਪਿੰਡ ਦੀ ਸਰਪੰਚ ਨੂੰ ਤਲਬ ਕਰ ਲਿਆ ਹੈ। ਐੱਸਡੀਐੱਮ ਸੁਲਤਾਨਪੁਰ ਲੋਧੀ ਦੇ ਹੁਕਮ 'ਤੇ ਦਫ਼ਤਰ ਬਲਾਕ ਤੇ ਪੰਚਾਇਤ ਅਫ਼ਸਰ ਸੁਲਤਾਨਪੁਰ ਲੋਧੀ ਵੱਲੋਂ ਜਾਰੀ ਲਿਖਤੀ ਪੱਤਰ ਨੰਬਰ 1983, ਮਿਤੀ 15-9-2021 ਰਾਹੀਂ ਸਰਪੰਚ ਨੂੰ 21 ਸਤੰਬਰ ਨੂੰ ਦਫ਼ਤਰ ਹਾਜ਼ਰ ਹੋਣ ਲਈ ਕਿਹਾ ਹੈ। ਪੱਤਰ 'ਚ ਪਿੰਡ ਸਰਾਏਂ ਜੱਟਾ ਦੇ ਸਰਪੰਚ ਨੂੰ ਲਿਖਿਆ ਗਿਆ ਹੈ ਕਿ ਪਿੰਡ ਦੀ ਫਿਰਨੀ ਤੇ ਸਾਂਝੇ ਥਾਵਾਂ 'ਤੇ ਲਾਏ ਗਏ ਬੂਟਿਆਂ ਨੂੰ ਆਪ ਵੱਲੋਂ ਪੁਟਵਾ ਦਿੱਤਾ ਗਿਆ ਹੈ। ਜਦਕਿ ਸਰਪੰਚ ਹੋਣ ਦੇ ਨਾਤੇ ਬੂਟਿਆਂ ਦੀ ਦੇਖਭਾਲ ਕਰਨੀ ਆਪ ਦਾ ਫਰਜ਼ ਹੈ, ਪਰ ਆਪ ਵੱਲੋਂ ਹੀ ਬੂਟੇ ਪੁੱਟਵਾ ਕੇ ਵਾਤਾਵਰਨ ਨੂੰ ਖ਼ਰਾਬ ਕੀਤਾ ਗਿਆ ਹੈ। ਦੂਜੇ ਪਾਸੇ ਜਦੋਂ ਪਿੰਡ ਸਰਾਏਂ ਜੱਟਾ ਦੇ ਸਰਪੰਚ ਅਨੀਤਾ ਨੂੰ ਪੁੱਿਛਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਮਨਰੇਗਾ ਕਰਮੀਆਂ ਨੂੰ ਬੂਟੇ ਛਾਂਗਣ ਵਾਸਤੇ ਕਿਹਾ ਸੀ ਤਾਂ ਕਿ ਬੂਟਿਆਂ ਦੇ ਵਾਧੇ 'ਚ ਕੋਈ ਰੁਕਾਵਟ ਨਾ ਹੋਵੇ ਪਰ ਬਾਅਦ 'ਚ ਪਤਾ ਲੱਗਾ ਕਿ ਮਨਰੇਗਾ ਕਰਮਚਾਰੀਆਂ ਵੱਲੋਂ ਗਲਤੀ ਨਾਲ ਬੂਟੇ ਸਿਰ ਤੋਂ ਛਾਂਗ ਦਿੱਤੇ ਗਏ ਹਨ। ਸਰਪੰਚ ਨੇ ਦੱਸਿਆ ਕਿ ਇਹ ਸਭ ਕੁਝ ਵੇਖ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿੰਡ 'ਚ ਵਾਤਾਵਰਨ ਦੀ ਸੰਭਾਲ ਵਾਸਤੇ ਹੋਰ ਬੂਟੇ ਲਾਏ ਜਾ ਰਹੇ ਹਨ।