ਪੱਤਰ ਪ੍ਰਰੇਰਕ, ਫਗਵਾੜਾ : ਫਗਵਾੜਾ ਵਿਧਾਨ ਸਭਾ ਦੀ ਜਿਮਨੀ ਚੋਣ ਦੇ ਪ੍ਰਚਾਰ ਦੀ ਮਿਆਦ ਸ਼ਨਿਚਰਵਾਰ 19 ਅਕਤੂਬਰ ਨੂੰ ਖਤਮ ਹੋ ਰਹੀ ਹੈ ਤੇ ਵੋਟਾਂ ਦੀ ਘੜੀ ਸਿਰਫ ਦੋ ਦਿਨ ਦੂਰ ਰਹਿ ਗਈ ਹੈ। ਅਜਿਹੇ ਸਮੇਂ ਵਿਚ ਵੀ ਭਾਜਪਾ ਦੇ ਆਗੂਆਂ, ਕੌਂਸਲਰਾਂ ਅਤੇ ਵਰਕਰਾਂ ਦਾ ਕਾਂਗਰਸ ਵਿਚ ਸ਼ਾਮਲ ਹੋਣਾ ਲਗਾਤਾਰ ਜਾਰੀ ਹੈ। ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰੋਡ ਸ਼ੋਅ ਵਿਚ ਆਏ ਲੋਕਾਂ ਨੇ ਜਿੱਥੇ ਅਕਾਲੀ-ਭਾਜਪਾ ਦੇ ਚਿਹਰੇ 'ਤੇ ਪਰੇਸ਼ਾਨੀ ਲਿਆ ਦਿੱਤੀ ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਦਵਿੰਦਰ ਸਪਰਾ ਨੇ ਵੀ ਆਪਣੀ ਕੌਂਂਸਲਰ ਪਤਨੀ ਰੁਪਾਲੀ ਸਪਰਾ ਦੇ ਨਾਲ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਦੇ ਨਾਲ ਜਸਪਾਲ ਸਿੰਘ ਢੇਸੀ ਅਤੇ ਪਰਮਜੀਤ ਸਿੰਘ ਰਾਏਪੁਰ ਨੇ ਵੀ ਅਕਾਲੀ-ਭਾਜਪਾ ਤੋਂ ਕਿਨਾਰਾ ਕਰਦੇ ਹੋਏ ਕਾਂਗਰਸ ਦਾ 'ਹੱਥ' ਫੜ ਲਿਆ ਹੈ। ਦਵਿੰਦਰ ਸਪਰਾ ਅਤੇ ਹੋਰਨਾ ਦਾ ਕਾਂਗਰਸ ਵਿਚ ਸਵਾਗਤ ਕਰਦਿਆਂ ਪੰਜਾਬ ਦੇ ਉਦਯੋਗ ਅਤੇ ਕਾਮਰਸ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਮਿਹਨਤੀ ਵਰਕਰਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਹੈ ਅਤੇ ਅਹਿਮ ਜਿੰਮੇਵਾਰੀਆਂ ਨਾਲ ਨਵਾਜਿਆ ਹੈ। ਇਸ ਮੌਕੇ ਫਗਵਾੜਾ ਸੀਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਵੀ ਅਹਿਮ ਮੌਕੇ ਤੇ ਦੋਵੇਂ ਕੌਂਸਲਰਾਂ ਅਤੇ ਹੋਰਨਾਂ ਦਾ ਪਾਰਟੀ ਵਿਚ ਸਵਾਗਤ ਕੀਤਾ ਅਤੇ ਕਿਹਾ ਕਿ ਫਗਵਾੜਾ ਸੀਟ ਤੇ ਕਾਂਗਰਸ ਪਾਰਟੀ ਦੀ ਜਿੱਤ ਨੂੰ ਇਤਿਹਾਸਕ ਬਨਾਉਣ ਲਈ ਪੂਰੀ ਵਾਹ ਲਗਾ ਦੇਣ। ਬਤੌਰ ਵਿਧਾਇਕ ਉਹ ਵਾਰਡ ਪੱਧਰ ਤੇ ਵਿਕਾਸ ਦੇ ਨਵੇਂ ਰਿਕਾਰਡ ਕਾਇਮ ਕਰਨ ਵਿਚ ਕਸਰ ਨਹੀਂ ਛੱਡਣਗੇ। ਇਸ ਮੋਕੇ ਕਾਂਗਰਸ ਪਾਰਟੀ ਦੀ ਸਮੂਹ ਸੀਨੀਅਰ ਲੀਡਰਸ਼ਿਪ ਮੌਜੂਦ ਸੀ।