ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ : ਭਾਈ ਨਿਰਮਲ ਸਿੰਘ ਖ਼ਾਲਸਾ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ 'ਤੇ ਵੀਰਵਾਰ ਤੜਕੇ ਹੋਈ ਮੌਤ ਉਪਰੰਤ ਸੁਲਤਾਨਪੁਰ ਲੋਧੀ ਹਲਕੇ ਵਿਚ ਵੀ ਲੋਹੀਆਂ ਖ਼ਾਸ ਹਲਕੇ ਵਾਂਗ ਤਰਥੱਲੀ ਮਚ ਗਈ ਹੈ ਕਿਉਂਕਿ ਭਾਈ ਨਿਰਮਲ ਸਿੰਘ ਖ਼ਾਲਸਾ ਦਾ ਪਰਿਵਾਰ ਸੁਲਤਾਨਪੁਰ ਲੋਧੀ ਦੇ ਨਜ਼ਦੀਕ 5 ਕਿੱਲੋਮੀਟਰ 'ਤੇ ਲੋਹੀਆਂ ਖ਼ਾਸ ਵਿਖੇ ਰਹਿੰਦਾ ਹੈ ਅਤੇ ਦੂਸਰਾ ਭਾਈ ਨਿਰਮਲ ਸਿੰਘ ਦੇ ਪੁੱਤਰ ਨੇ ਬੀਤੇ ਮਹੀਨੇ 6 ਮਾਰਚ ਨੂੰ ਹਲਕਾ ਸੁਲਤਾਨਪੁਰ ਲੋਧੀ ਵਿਚ ਪੈਂਦੇ ਪਿੰਡ ਸ਼ੇਰਪੁਰ ਸੱਧਾ ਵਿਖੇ ਇਕ ਨਵਾਂ ਪੈਟਰੋਲ ਪੰਪ ਲਾਇਆ ਹੈ।

ਸਭ ਤੋਂ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਬੀਤੀ 14 ਜਾਂ 15 ਮਾਰਚ ਨੂੰ ਭਾਈ ਨਿਰਮਲ ਸਿੰਘ ਖ਼ਾਲਸਾ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਤਲੁਜ ਦਰਿਆ 'ਤੇ ਕਰਵਾਈ ਜਾ ਰਹੀ ਕਾਰ ਸੇਵਾ ਦੌਰਾਨ ਮਿਲੇ ਸਨ। ਹਾਲਾਂਕਿ ਇਸ ਮਿਲਣੀ ਨੂੰ 17-18 ਦਿਨ ਹੋ ਚੁੱਕੇ ਹਨ ਪਰ ਸੰਤ ਬਲਬੀਰ ਸਿੰਘ ਸੀਚੇਵਾਲ ਜਿਨ੍ਹਾਂ ਦਾ ਆਪਣਾ ਬਹੁਤ ਵੱਡਾ ਦਾਇਰਾ ਹੈ ਅਤੇ ਰੋਜ਼ਾਨਾ ਹੀ ਹਜ਼ਾਰਾਂ ਸੇਵਕਾਂ ਅਤੇ ਸੰਗਤਾਂ ਨੂੰ ਮਿਲਦੇ ਹਨ ਅਤੇ ਇਸ ਦੌਰਾਨ ਉਹ ਕਿੰਨੇ ਕੁ ਲੋਕਾਂ ਨੂੰ ਮਿਲੇ ਹੋਣਗੇ।

ਇਸ ਦਾ ਅੰਦਾਜ਼ਾ ਲਾਉਣਾ ਵੀ ਬਹੁਤ ਮੁਸ਼ਕਿਲ ਹੈ ਬੀਤੀ ਰਾਤ ਭਾਈ ਖ਼ਾਲਸਾ ਦੇ ਟੈਸਟ ਪੌਜ਼ਿਟਿਵ ਹੋਣ 'ਤੇ ਉਨ੍ਹਾਂ ਨੂੰ ਹਸਪਤਾਲ ਵਿਖੇ ਦਾਖ਼ਲ ਕਰਨ ਉਪਰੰਤ ਹੀ ਹਲਕਾ ਸੁਲਤਾਨਪੁਰ ਲੋਧੀ ਵਿਚ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਸਨ। ਆਹਲਾ ਅਧਿਕਾਰੀਆਂ ਨੇ ਤੁਰੰਤ ਪੈਟਰੋਲ ਪੰਪ 'ਤੇ ਜਾ ਕੇ ਪਹਿਲਾਂ ਸਾਰੇ ਹਾਲਾਤ ਦਾ ਜਾਇਜ਼ਾ ਲੈ ਕੇ ਜਾਣਕਾਰੀ ਇਕੱਤਰ ਕੀਤੀ।

ਇਸ ਸਾਰੇ ਮਾਮਲੇ ਸਬੰਧੀ ਐੱਸਡੀਐੱਮ ਡਾ. ਚਾਰੂਮਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਬਕਾ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਨਾਲ ਹੋਈ ਮੁਲਾਕਾਤ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਭਾਈ ਖ਼ਾਲਸਾ ਨੇ ਸਤਲੁਜ ਪੁਲ ਗਿੱਦੜਪਿੰਡੀ ਨੇੜੇ ਚੱਲ ਰਹੀ ਕਾਰ ਸੇਵਾ ਦੌਰਾਨ ਸੰਤ ਸੀਚੇਵਾਲ ਨਾਲ ਮੁਲਾਕਾਤ ਕੀਤੀ ਸੀ ਅਤੇ ਇਸ ਉਪਰੰਤ ਭਾਈ ਖ਼ਾਲਸਾ ਅਤੇ ਸੰਤ ਸੀਚੇਵਾਲ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਮਿਲੇ ਹੋਣਗੇ ਜਿਸ ਦੀ ਜਾਣਕਾਰੀ ਪ੍ਰਸ਼ਾਸਨ ਇਕੱਤਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਸੰਤ ਸੀਚੇਵਾਲ ਨੂੰ ਨਿਰਮਲ ਕੁਟੀਆ ਸੀਚੇਵਾਲ ਵਿਖੇ ਕੁਆਰੰਟਾਈਨ ਕਰ ਦਿੱਤਾ ਹੈ ਅਤੇ ਭਾਈ ਨਿਰਮਲ ਸਿੰਘ ਖਾਲਸਾ ਦੇ ਬੇਟੇ ਦਾ ਵੀ ਟੈਸਟ ਲੈ ਲਿਆ ਹੈ ਅਤੇ ਰਿਪੋਰਟ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਤੇ ਰਿਪੋਰਟ ਆਉਣ ਉਪਰੰਤ ਹੀ ਕੋਈ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਭਾਈ ਖ਼ਾਲਸਾ ਪੈਟਰੋਲ ਪੰਪ 'ਤੇ ਸ਼ੇਰਪੁਰ ਸੱਦਾ ਨਹੀਂ ਗਏ ਸਨ।