ਵਿਜੇ ਸੋਨੀ, ਫਗਵਾੜਾ : ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਕ ਸ਼ਰਾਰਤੀ ਅਨਸਰ ਵੱਲੋਂ ਬੀੜੀ ਪੀ ਕੇ ਤਖ਼ਤ ਸਾਹਿਬ ਦੇ ਅੰਦਰ ਧੂੰਆਂ ਮਾਰ ਕੇ ਕੀਤੀ ਬੇਅਦਬੀ ਦੀ ਸੰਤ ਗੁਰਚਰਨ ਸਿੰਘ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪਿੰਡ ਪੰਡਵਾਂ ਵੱਲੋਂ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰ ਵੱਲੋਂ ਕੀਤੀ ਗਈ ਇਸ ਸ਼ਰਾਰਤ ਕਾਰਨ ਸਮੁੱਚੀ ਸਿੱਖ ਕੌਮ ਤੇ ਸਾਧੂ ਸੰਤ ਸਮਾਜ ਨਿਰਮਲ ਭੇਖ ਖਟ ਦਰਸ਼ਨ ਦੇ ਮਨਾਂ ਵਿਚ ਗਹਿਰੀ ਸੱਟ ਵੱਜੀ ਹੈ। ਸੰਤ ਗੁਰਚਰਨ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਸ਼ਾਨ ਦਾ ਪ੍ਰਤੀਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਚ ਕੀਤੀ ਗਈ ਇਸ ਬੇਅਦਬੀ ਦੇ ਦੋਸ਼ੀ ਨੂੰ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਸ਼ਰਾਰਤੀ ਅਨਸਰ ਇਸ ਤਰ੍ਹਾਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਆਹਤ ਕਰਨ ਦੀ ਕੋਸ਼ਿਸ਼ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਆਈ ਹੈ ਤੇ ਅੱਗੇ ਵੀ ਕਰਦੀ ਰਹੇਗੀ ਪਰ ਫੇਰ ਵੀ ਸਿੱਖ ਕੌਮ ਦੇ ਧਾਰਮਿਕ ਸਥਾਨਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਜਿਸ ਨੂੰ ਕਿਸੇ ਵੀ ਕੀਮਤ 'ਤੇ ਮਾਫ ਨਹੀਂ ਕੀਤਾ ਜਾ ਸਕਦਾ।