ਦੀਪਕ, ਕਪੂਰਥਲਾ

ਕੋਵਿਡ-19 ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ ਦੇਸ਼ ਨੂੰ ਅਨਲਾਕ ਕਰਨ ਦਾ ਦੂਜਾ ਫੇਜ਼ ਚੱਲ ਰਿਹਾ ਹੈ ਪਰ ਸਰਕਾਰ ਵੱਲੋਂ ਜਾਰੀ ਗਾਈਡ ਲਾਈਨਜ਼ 'ਚ ਫਿਰ ਵੀ ਸਿਨੇਮਾ ਹਾਲ, ਸਵੀਮਿੰਗ ਪੂਲ, ਸਟੇਡੀਅਮ ਤੇ ਜ਼ਿੰਮ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਉਸ ਦੇ ਠੀਕ ਉਲਟ ਸ਼ਹਿਰ 'ਚ ਕਈ ਜ਼ਿੰਮ ਮਾਲਕ ਸਰਕਾਰ ਦੇ ਹੁਕਮਾਂ ਨੂੰ ਿਛੱਕੇ ਟੰਗ ਕੇ ਅੰਦਰ ਖ਼ਾਤੇ ਆਪਣੇ ਜ਼ਿੰਮ ਖੋਲ੍ਹ ਰਹੇ ਹਨ। ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ 'ਪੰਜਾਬੀ ਜਾਗਰਣ' ਨੂੰ ਜਾਣਕਾਰੀ ਦਿੰਦੇ ਹੋਏ ਇਕ ਜ਼ਿੰਮ ਮਲਿਕ ਨੇ ਦੱਸਿਆ ਕਿ ਕਪੂਰਥਲਾ ਸ਼ਹਿਰ 'ਚ ਕਾਂਜਲੀ ਰੋਡ ਤੇ ਸ਼ਹਿਰ ਦੇ ਸ਼ਾਲੀਮਾਰ ਬਾਗ ਕੋਲ ਸਥਿਤ ਜ਼ਿੰਮ ਅਜਿਹੇ ਹਨ ਜੋ ਕਿ ਅੰਦਰ ਖਾਤੇ ਖੁੱਲ੍ਹ ਰਹੇ ਹਨ।

ਇਹ ਜਿੰਮ ਗਾਹਕਾਂ ਕੋਲੋਂ 1500-2000 ਰੁਪਏ ਪ੍ਰਤੀ ਮਹੀਨਾ ਵਸੂਲ ਰਹੇ ਹਨ। ਇਨ੍ਹਾਂ ਜ਼ਿੰਮ ਮਾਲਕਾਂ ਵੱਲੋਂ ਗਾਹਕਾਂ ਨੂੰ ਮੁੱਖ ਦਰਵਾਜ਼ੇ ਵੱਲੋਂ ਅੰਦਰ ਜਾਣ ਦੀ ਬਜਾਏ ਦੂਸਰੇ ਦਰਵਾਜ਼ੇ ਵੱਲ ਦੀ ਜ਼ਿੰਮ ਅੰਦਰ ਭੇਜਿਆ ਜਾ ਰਿਹਾ ਹੈ। ਇਹ ਜਿੰਮ ਮਾਲਕ ਇਕ ਸਮੇਂ 'ਤੇ ਦਸ ਤੋਂ 15 ਲੋਕਾਂ ਨੂੰ ਜਿੰਮ ਅੰਦਰ ਜਾਣ ਦੀ ਆਗਿਆ ਦੇ ਰਹੇ ਹਨ ਜੋ ਕਿ ਕਿਸੇ ਸਮੇ ਵੀ ਕੋਰੋਨਾ ਵਾਇਰਸ ਦਾ ਵੱਡਾ ਧਮਾਕਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਿੰਮਾਂ ਦੇ ਮਾਲਿਕ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਜਿੰਮ ਬੰਦ ਰੱਖਣ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਉਥੇ ਹੀ ਇਹ ਜ਼ਿੰਮ ਦੂਸਰੇ ਜ਼ਿੰਮਾਂ ਦੇ ਗਾਹਕਾਂ ਨੂੰ ਵੀ ਆਪਣੇ ਵੱਲ ਖਿੱਚ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਾਂ ਤਾਂ ਉਨ੍ਹਾਂ ਦੇ ਜ਼ਿਮ ਵੀ ਖੋਲ੍ਹੇ ਜਾਣ ਨਹੀਂ ਤਾਂ ਇਨ੍ਹਾਂ ਜ਼ਿੰਮਾਂ ਨੂੰ ਵੀ ਸ਼ਖਤੀ ਨਾਲ ਬੰਦ ਕੀਤਾ ਜਾਵੇ।

ਜਦੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਜਿੰਮਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਜੇਕਰ ਕਿਸੇ ਜ਼ਿੰਮ ਮਲਿਕ ਵੱਲੋਂ ਹੁਕਮਾਂ ਦੇ ਉਲਟ ਜਾ ਕੇ ਜ਼ਿੰਮ ਖੋਲ੍ਹੇ ਜਾ ਰਹੇ ਹਨ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਡੀਸੀ ਕਪੂਰਥਲਾ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਸਬੰਧਿਤ ਜਾਰੀ ਆਦੇਸ਼ਾਂ ਨੂੰ ਤੋੜਨ ਦੀ ਆਗਿਆ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ।