ਵਿਜੇ ਸੋਨੀ,ਫਗਵਾੜਾ :

ਪਿੰਡ ਪਲਾਹੀ ਵਿਖੇ ਪਿੰਡ ਦੇ ਵਾਸੀਆਂ ਨੇ ਨਗਰ ਪੰਚਾਇਤ ਪਲਾਹੀ ਦੀ ਅਗਵਾਈ 'ਚ ਨਗਰ ਨਿਗਮ ਫਗਵਾੜਾ ਵੱਲੋਂ ਗੰਦਗੀ ਨਾਲ ਭਰੇ ਟਿੱਪਰ, ਜੋ ਇਸ ਪਿੰਡ 'ਚੋਂ ਲੰਘਾਏ ਜਾਂਦੇ ਸਨ, ਨੂੰ ਰੋਕਿਆ, ਕਿਉਂਕਿ ਇਹ ਟਿੱਪਰ ਬਿਲਕੁਲ ਢੱਕੇ ਹੋਏ ਵੀ ਨਹੀਂ ਸਨ ਤੇ ਕਈ ਸਮੇਂ ਤੋਂ ਪਿੰਡ ਦੀ ਸੜਕ ਤੋਂ ਲੰਘਦਿਆਂ ਥਾਂ-ਥਾਂ ਗੰਦਗੀ ਫੈਲਾਉਂਦੇ ਸਨ। ਲਗਪਗ 2 ਘੰਟੇ ਤੋਂ ਬਾਅਦ ਆਏ ਨਗਰ ਨਿਗਮ ਦੇ ਅਧਿਕਾਰੀਆਂ ਤੇ ਪੁਲਿਸ ਪ੍ਰਸ਼ਾਸਨ ਦੇ ਦਖ਼ਲ ਮਗਰੋਂ ਇਹ ਯਕੀਨ ਦਿਵਾਉਣ 'ਤੇ ਕਿ ਟਿੱਪਰ ਪਿੰਡ 'ਚੋਂ ਨਹੀਂ ਲੰਘਾਏ ਜਾਣਗੇ। ਲੋਕਾਂ ਨੇ ਇਨ੍ਹਾਂ ਟਿੱਪਰਾਂ ਨੂੰ ਛੱਡ ਦਿੱਤਾ। ਇਸੇ ਤਰਾਂ੍ਹ ਵੱਡੇ ਲੋਡ ਵਾਲੇ ਬੱਜ਼ਰੀ ਦੇ ਟਰੱਕ ਵੀ ਪਿੰਡ ਵਾਸੀਆਂ ਨੇ ਫੜ੍ਹ ਲਏ, ਕਿਉਂਕਿ ਇਨਾਂ੍ਹ ਨੇ ਪਲਾਹੀ, ਰਾਮਗੜ੍ਹ ਸੜਕ ਜੋ ਕੁਝ ਸਮਾਂ ਪਹਿਲਾਂ ਹੀ ਬਣਾਈ ਗਈ ਸੀ, ਨੂੰ ਬੁਰੀ ਤਰਾਂ੍ਹ ਤੋੜ ਦਿੱਤਾ। ਇਨਾਂ੍ਹ ਦੋਹਾਂ ਮਸਲਿਆਂ ਬਾਰੇ ਪੰਚਾਇਤ ਵੱਲੋਂ ਕਮਿਸ਼ਨਰ ਨਗਰ ਨਿਗਮ ਫਗਵਾੜਾ ਤੇ ਸਥਾਨਕ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਮਿਲ ਕੇ ਅਤੇ ਲਿਖਤੀ ਰੂਪ ਵਿੱਚ ਇਹ ਸ਼ਿਕਾਇਤ ਦੂਰ ਕਰਨ ਦੀ ਬੇਨਤੀ ਕਈ ਵਾਰ ਕੀਤੀ ਗਈ ਸੀ। ਇਸ ਮੌਕੇ ਰਣਜੀਤ ਕੌਰ ਸਰਪੰਚ, ਸੁਖਵਿੰਦਰ ਸਿੰਘ ਸੱਲ, ਮਨੋਹਰ ਸਿੰਘ ਪੰਚ, ਰਾਮਪਾਲ ਪੰਚ, ਮਦਨ ਲਾਲ ਪੰਚ, ਜੱਸੀ ਸੱਲ , ਬਿੰਦਰ ਫੁੱਲ, ਜਸਬੀਰ ਸਿੰਘ ਬਸਰਾ, ਬਲਵਿੰਦਰ ਸਿੰਘ ਸੱਲ, ਹਰਮੇਲ ਸਿੰਘ ਗਿੱਲ, ਗੁਰਨਾਮ ਸਿੰਘ ਸੱਲ, ਸੁਮਨ ਸੱਲ, ਗੋਬਿੰਦ ਸਿੰਘ ਸੱਲ, ਗੁਰਮੁੱਖ ਸਿੰਘ ਡੋਲ, ਮੇਜਰ ਸਿੰਘ ਤੇ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ।