ਰੌਸ਼ਨ ਖੈੜਾ/ਅਮਰੀਕ ਮੱਲ੍ਹੀ, ਕਪੂਰਥਲਾ

ਪੰਜਾਬ ਦੇ ਮੈਡੀਕਲ ਸਿੱਖਿਆ, ਖੋਜ ਤੇ ਆਜ਼ਾਦੀ ਘੁਲਾਟੀਆਂ ਬਾਰੇ ਮੰਤਰੀ ਓਪੀ ਸੋਨੀ ਨੇ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਧਰਮਾਂ, ਜਾਤਾਂ ਤੋਂ ਉੱਪਰ ਉੱਠ ਕੇ ਆਪਸੀ ਨਫਰਤ ਨੂੰ ਭੁੱਲ ਕੇ ਦੇਸ਼ ਦੀ ਏਕਤਾ, ਅਖੰਡਤਾ, ਭਾਈਚਾਰਕ ਸਾਂਝ ਤੇ ਸੰਵਿਧਾਨ ਦੀ ਰਾਖੀ ਲਈ ਪੂਰੀ ਤਨਦੇਹੀ ਨਾਲ ਸੇਵਾ ਨਿਭਾਉਣ। ਉਨ੍ਹਾਂ ਕਿਹਾ ਕਿ ਵੱਖ-ਵੱਖ ਭਾਸ਼ਾਵਾਂ, ਧਰਮਾਂ, ਨਸਲਾਂ ਵਾਲੇ ਦੇਸ਼ ਹੋਣ ਦੇ ਬਾਵਜੂਦ ਸੰਵਿਧਾਨ ਦੇ ਸਾਰੇ ਦੇਸ਼ ਨੂੰ ਇਕ ਸੂਤਰ 'ਚ ਪਰੋਇਆ ਹੋਇਆ ਹੈ। ਅੱਜ ਇੱਥੇ ਗਣਤੰਤਰ ਦਿਵਸ ਸਬੰਧੀ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੌਮੀ ਤਿਰੰਗਾ ਲਹਿਰਾਉਣ ਪਿੱਛੋਂ ਓਪੀ ਸੋਨੀ ਵੱਲੋਂ ਪਰੇਡ ਦਾ ਮੁਆਇਨਾ ਕੀਤਾ ਤੇ ਮਾਰਚ ਪਾਸਟ ਤੋਂ ਸਲਾਮੀ ਲਈ। ਉਨ੍ਹਾਂ ਆਪਣੇ ਸੰਬੋਧਨ ਦੌਰਾਨ ਪੰਜਾਬ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਉਹ ਖ਼ੁਦ ਨੂੰ ਖੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਉਸ ਧਰਤੀ 'ਤੇ ਤਿਰੰਗਾ ਲਹਿਰਾਉਣ ਦਾ ਸੁਭਾਗ ਮਿਲਿਆ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਤੇ ਮੋਦੀਖਾਨੇ 'ਚ ਨੌਕਰੀ ਕਰ ਕੇ ਕਿਰਤ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਜਿੱਥੇ ਜਬਰ ਵਿਰੁੱਧ ਜ਼ੋਰਦਾਰ ਆਵਾਜ ਬੁਲੰਦ ਕੀਤੀ ਤੇ ਬਲੀਦਾਨ ਦਿੱਤੇ ਜਿਸ ਤੋਂ ਸੇਧ ਲੈ ਕੇ ਆਜ਼ਾਦੀ ਦੀ ਪ੍ਰਰਾਪਤੀ ਲਈ ਚੱਲੇ ਲੰਬੇ ਸੰਘਰਸ਼ 'ਚ ਪੰਜਾਬੀਆਂ ਨੇ 80 ਫ਼ੀਸਦੀ ਤੋਂ ਵੱਧ ਯੋਗਦਾਨ ਪਾਇਆ। ਉਨ੍ਹਾਂ ਗਣਤੰਤਰ ਦਿਵਸ ਮੌਕੇ ਦੇਸ਼ ਦੀਆਂ ਸਮੂਹ ਸੈਨਾਵਾਂ, ਅਰਧ ਸੈਨਿਕ ਬਲਾਂ ਤੇ ਸੂਬਿਆਂ ਦੀਆਂ ਪੁਲਿਸ ਫੋਰਸਾਂ ਵਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਕਾਇਮ ਰੱਖਣ ਲਈ ਕੀਤੇ ਬਲਿਦਾਨ ਨੂੰ ਨਮਨ ਕਰਦਿਆਂ ਕਿਹਾ ਕਿ ਆਜਾਦੀ ਉਪਰੰਤ ਬਹਾਦਰ ਪੰਜਾਬੀਆਂ ਨੇ ਜਿੱਥੇ ਦੇਸ ਦੀਆਂ ਸੈਨਾਵਾਂ ਵਿੱਚ ਸ਼ਾਮਿਲ ਹੋ ਕੇ ਆਪਣਾ ਯੋਗਦਾਨ ਪਾਉਂਦਿਆਂ 1948, 1962, 1965, 1971 ਤੇ ਕਾਰਗਿਲ ਜੰਗ ਵਿੱਚ ਕੁਰਬਾਨੀਆਂ ਦਿੱਤੀਆਂ ਉਥੇ ਕਿਸਾਨਾਂ ਨੇ ਦੇਸ ਦੇ ਅੰਨ ਭੰਡਾਰ ਵਿੱਚ ਅਥਾਹ ਯੋਗਦਾਨ ਪਾ ਕੇ ਦੇਸ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਇਆ। ਉਨ੍ਹਾਂ ਕਿਹਾ ਕਿ ਪਿਛਲਾ ਸਾਲ ਪੂਰੀ ਦੁਨੀਆਂ ਲਈ ਕਰੋਨਾ ਮਹਾਂਮਾਰੀ ਕਾਰਨ ਬਹੁਤ ਚੁਨੌਤੀ ਭਰਿਆ ਰਿਹਾ ਹੈ ਅਤੇ ਅਜੇ ਵੀ ਅਸੀਂ ਪੂਰੀ ਤਰ੍ਹਾਂ ਇਸ ਬਿਮਾਰੀ ਤੋਂ ਬਾਹਰ ਨਹੀਂ ਨਿਕਲ ਸਕੇ । ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵਲੋਂ ਕਈ ਉਪਰਾਲੇ ਕੀਤੇ ਗਏ , ਜਿਸ ਸਦਕਾ ਅਸੀਂ ਇਸ ਬਿਮਾਰੀ ਤੇ ਕਾਬੂ ਪਾਉਣ ਵਿਚ ਕਾਫੀ ਹਦ ਤੱਕ ਕਾਮਯਾਬ ਹੋਏ ਹਾਂ। ਸ੍ਰੀ ਸੋਨੀ ਨੇ ਕਿਹਾ ਕਿ ਕਰੋਨਾ ਦੇ ਦੌਰ ਵਿਚ ਵੀ ਪੰਜਾਬ ਸਰਕਾਰ ਵਲੋਂ ਸਮਾਰਟ ਵਿਲੈਜ ਯੋਜਨਾ ਦੇ ਪਹਿਲੇ ਪੜਾਅ ਤਹਿਤ 38.6 ਕਰੋੜ ਰੁਪਏ ਦੀ ਲਾਗਤ ਨਾਲ 1018 ਪ੍ਰਰਾਜੈਕਟ ਮੁਕੰਮਲ ਕੀਤੇ ਗਏ ਹਨ। ਇਸੇ ਯੋਜਨਾ ਦੇ ਦੂਜੇ ਪੜਾਅ ਤਹਿਤ 93.50 ਕਰੋੜ ਦੀ ਲਾਗਤ ਨਾਲ 2297 ਪ੍ਰਰਾਜੈਕਟਾਂ ਤੇ ਕੰਮ ਚਲ ਰਿਹਾ ਹੈ। ਸਿੱਖਿਆ ਦੇ ਖੇਤਰ ਵਿਚ ਜਿਲ੍ਹੇ ਦੇ ਕੁੱਲ 782 ਸਰਕਾਰੀ ਸਕੂਲਾਂ ਵਿੱਚੋਂ 727 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਦਿੱਤਾ ਗਿਆ ਹੈ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਘੰਟਾ ਘਰ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਤੇ ਰਾਸ਼ਟਰੀ ਗਾਨ ਵੀ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੋਨੀ ਤੇ ਵਿਧਾਇਕ ਨਵਤੇਜ ਸਿੰਘ ਚੀਮਾ ਦਾ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਜਿਲ੍ਹਾ ਤੇ ਸੈਸ਼ਨ ਜੱਜ ਕਿਸ਼ੋਰ ਕੁਮਾਰ, ਡਿਪਟੀ ਕਮਿਸ਼ਨਰ ਦੀਪਤੀ ਉੱਪਲ, ਡੀਆਈਜੀ ਜਲੰਧਰ ਰੇਂਜ਼ ਰਣਬੀਰ ਸਿੰਘ ਖੱਟੜਾ, ਐੱਸਐੱਸਪੀ ਕੰਵਰਦੀਪ ਕੌਰ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਜੀਤਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐੱਸਪੀ ਆਂਗਰਾ, ਐੱਸਡੀਐੱਮ ਵਰਿੰਦਰਪਾਲ ਸਿੰਘ ਬਾਜਵਾ, ਐੱਸਪੀ ਜਸਬੀਰ ਸਿੰਘ, ਐੱਸਪੀ ਵਿਸ਼ਾਲਜੀਤ ਸਿੰਘ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।