ਅਮਰ ਪਾਸੀ, ਫਗਵਾੜਾ : ਫਗਵਾੜਾ ਦੇ ਵਾਰਡ ਨੰਬਰ 2 ਤੇ 4 ਵਿਖੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਭੇਜੀ ਕਣਕ ਤੇ ਦਾਲ ਦੀ ਫ੍ਰੀ ਵੰਡ ਨੀਲੇ ਕਾਰਡ ਧਾਰਕ ਲੋੜਵੰਦ ਪਰਿਵਾਰਾਂ ਨੂੰ ਕੀਤੀ ਗਈ। ਵਾਰਡ ਨੰਬਰ 2 ਦੇ ਸਾਬਕਾ ਕੌਂਸਲਰ ਪਦਮਦੇਵ ਸੁਧੀਰ ਨਿੱਕਾ ਤੇ ਵਾਰਡ ਨੰਬਰ 4 ਦੇ ਸਾਬਕਾ ਕੌਂਸਲਰ ਦਰਸ਼ਨ ਲਾਲ ਧਰਮਸੋਤ ਦੀ ਅਗਵਾਈ ਹੇਠ ਵੰਡ ਦੇ ਕੰਮ ਦਾ ਸ਼ੁੱਭ ਆਰੰਭ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਰਵਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਦੇਸ਼ ਅਤੇ ਦੁਨੀਆ ਦੋ ਬਹੁਤ ਜਿਆਦਾ ਨੁਕਸਾਨ ਹੋਇਆ ਹੈ। ਦੁਨੀਆ ਭਰ ਦੇ ਤਿੰਨ ਲੱਖ ਤੋਂ ਵੱਧ ਲੋਕ ਆਪਣੀ ਜ਼ਿੰਦਗੀ ਗੁਆ ਚੁੱਕੇ ਹਨ ਅਤੇ ਕਰੋੜਾਂ ਲੋਕ ਮਹਾਂਮਾਰੀ ਦੇ ਚਲਦਿਆਂ ਬੇਰੁਜਗਾਰ ਹੋ ਕੇ ਭੁੱਖਮਰੀ ਦਾ ਸ਼ਿਕਾਰ ਹਨ। ਅਜਿਹੇ ਮੁਸ਼ਕਲ ਸਮੇਂ ਵਿਚ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਲੋਕਾਂ ਦੀ ਬਾਂਹ ਫੜੀ ਹੈ ਅਤੇ ਲੋੜਵੰਦ ਪਰਿਵਾਰਾਂ ਨੂੰ ਲਗਾਤਾਰ ਸੁੱਕਾ ਰਾਸ਼ਨ, ਕਣਕ, ਆਟਾ ਅਤੇ ਹੋਰ ਜਰੂਰਤ ਦਾ ਸਮਾਨ ਘਰ-ਘਰ ਪਹੁੰਚਾਇਆ ਜਾ ਰਿਹਾ ਹੈ। ਧਾਲੀਵਾਲ ਨੇ ਸਮੂਹ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਫਤ ਸਮੇਂ ਪ੍ਰਸ਼ਾਸਨ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਬਿਮਾਰੀ ਤੋਂ ਬੱਚਿਆ ਜਾ ਸਕੇ। ਇਸ ਮੌਕੇ ਇਸ ਮੌਕੇ ਬਲਾਕ ਕਾਂਗਰਸ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਪ੍ਰਧਾਨ ਸ਼ਹਿਰੀ ਗੁਰਜੀਤ ਪਾਲ ਵਾਲੀਆ, ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਮਾਰਕਿਟ ਕਮੇਟੀ ਫਗਵਾੜਾ ਦੇ ਉਪ ਚੇਅਰਮੈਨ ਜਗਜੀਵਨ ਖਲਵਾੜਾ, ਸਾਬਕਾ ਕੋਂਸਲਰ ਪ੍ਰਮੋਦ ਜੋਸ਼ੀ, ਡੀਪੂ ਹੋਲਡਰ ਬੀਰਾ ਰਾਮ ਬਲਜੋਤ, ਹੈਪੀ ਬਲਜੋਤ, ਬੁੱਧੂ ਧਰਮਸੋਤ, ਅਰਜੁਨ ਸੁਧੀਰ, ਅਮਰਿੰਦਰ ਸਿੰਘ, ਬਬਲੂ ਚਟਵਾਲ, ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਸ਼ਿਵਜੀਤ ਤੱਖਰ ਅਤੇ ਦਮਨਜੀਤ ਸਿੰਘ ਆਦਿ ਮੈਂਬਰ ਹਾਜ਼ਰ ਸਨ।